ਬਰਨਾਲਾ, 6 ਜਨਵਰੀ (ਨਰਿੰਦਰ ਅਰੋੜਾ)-ਬੀਤੀ ਦੇਰ ਰਾਤ ਜੀ. ਮਾਲ ਦੇ ਨੇੜੇ ਬਣੇ ਜਲੇਬੀ ਪੁਲ ਵਿਖੇ ਮੱਝਾਂ ਨਾਲ ਭਰਿਆ ਟਰੱਕ ਪਲਟਣ ਨਾਲ ਪੰਜ ਮੱਝਾਂ ਦੀ ਮੌਤ ਅਤੇ 11 ਮੱਝਾਂ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਥਾਣਾ ਸਿਟੀ-2 ਬਰਨਾਲਾ ਦੇ ਐਸ.ਐੱਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਸਾਨੂੰ ਸੂਚਨਾ ਮਿਲੀ ਕਿ ਇਕ ਮੱਝਾਂ ਨਾਲ ਭਰਿਆ ਟਰੱਕ ਜਲੇਬੀ ਪੁਲ 'ਤੇ ਪਲਟ ਗਿਆ ਹੈ | ਘਟਨਾ ਵਾਲੀ ਜਗ੍ਹਾ 'ਤੇ ਪੁਲਿਸ ਪਾਰਟੀ, ਐਸ.ਐਸ.ਐਫ਼. ਟੀਮ ਅਤੇ ਨੰਦੀ ਗਊਸ਼ਾਲਾ ਦੇ ਪ੍ਰਬੰਧਕ ਮੌਕੇ 'ਤੇ ਪਹੁੰਚ ਗਏ | ਜਿਨ੍ਹਾਂ ਵਲੋਂ ਮੱਝਾਂ ਨੂੰ ਹਾਈਡਰਾ ਮਸ਼ੀਨ ਦੀ ਸਹਾਇਤਾ ਨਾਲ ਟਰੱਕ ਵਿਚੋਂ ਕੱਢਿਆ ਗਿਆ ਜਿਸ ਵਿਚ 5 ਮੱਝਾਂ ਦੀ ਮੌਤ ਹੋ ਚੁੱਕੀ ਹੈ ਅਤੇ 11 ਮੱਝਾਂ ਗੰਭੀਰ ਜ਼ਖ਼ਮੀ ਹੋ ਗਈਆਂ ਸਨ | ਜ਼ਖਮੀ ਮੱਝਾਂ ਦਾ ਇਲਾਜ ਕਰ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ | ਉਨ੍ਹਾਂ ਦੱਸਿਆ ਕਿ ਵਪਾਰੀ ਵਲੋਂ ਖ਼ਰੀਦ ਕਰ ਕੇ ਇਹ ਮੱਝਾਂ ਨੂੰ ਟਰੱਕ ਵਿਚ ਜਲੰਧਰ ਸੁਭਾਨਪੁਰ ਮੰਡੀ ਤੋਂ ਲੱਦਿਆ ਗਿਆ ਸੀ ਅਤੇ ਵੱਖ-ਵੱਖ ਥਾਵਾਂ 'ਤੇ ਲੈ ਕੇ ਜਾਣਾ ਸੀ | ਇਹ ਹਾਦਸਾ ਪੁਲ ਦੀ ਗੁਲਾਈ ਕਾਰਨ ਝਟਕਾ ਵੱਜਣ ਕਾਰਨ ਵਾਪਰਿਆ ਹੈ |