ਮਹਿਲ ਕਲਾਂ, 6 ਜਨਵਰੀ (ਅਵਤਾਰ ਸਿੰਘ ਅਣਖੀ)-ਪਿੰਡ ਛੀਨੀਵਾਲ ਕਲਾਂ ਵਿਖੇ ਇਕੋ ਦਿਨ ਵਿਚ ਲੁੱਟ ਖੋਹ ਦੀਆਂ ਦਿਨ ਦਿਹਾੜੇ ਵਾਪਰੀਆਂ ਦੋ ਘਟਨਾਵਾਂ ਨੇ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਪਹਿਲੀ ਘਟਨਾ 'ਚ ਅੱਜ ਸਵੇਰੇ 12 ਵਜੇ ਦੇ ਕਰੀਬ ਪਿੰਡ ਦੇ ਇਕ ਕਿਸਾਨ ਪਰਿਵਾਰ ਦੀ ਅÏਰਤ ਬੱਸ ਤੋਂ ਉਤਰ ਕੇ ਘਰ ਨੂੰ ਜਾਣ ਜਾ ਰਹੀ ਸੀ, ਤਾਂ ਦੋ ਨੌਜਵਾਨਾਂ ਨੇ ਝਪਟ ਮਾਰ ਕੇ ਉਸ ਦਾ ਪਰਸ ਖੋਹ ਲਿਆ | ਰੌਲਾ ਪੈ ਜਾਣ 'ਤੇ ਪਰਸ ਖੋਹ ਕੇ ਭੱਜਣ ਲੱਗੇ ਝਪਟ ਮਾਰਾਂ 'ਚੋਂ ਇਕ ਨੂੰ ਪਿੰਡ ਦੇ ਲੋਕਾਂ ਨੇ ਕਾਬੂ ਕਰ ਲਿਆ | ਦੂਸਰੀ ਘਟਨਾ ਪਿੰਡ ਤਾਜਪੁਰ ਤੋਂ ਛੀਨੀਵਾਲ ਕਲਾਂ ਵਿਖੇ ਆਪਣੀ ਬਿਮਾਰ ਭੂਆ ਦਾ ਪਤਾ ਲੈਣ ਆਈ ਬੀਬੀ ਸੰਦੀਪ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਤਾਜਪੁਰ (ਰਾਏਕੋਟ) ਨਾਲ ਦੁਪਹਿਰ ਢਾਈ ਵਜੇ ਦੇ ਕਰੀਬ ਵਾਪਰੀ ਜਦੋਂ ਉਹ ਆਪਣੀ ਸੱਤਵੀਂ 'ਚ ਪੜ੍ਹਦੀ ਬੇਟੀ ਨਾਲ ਵਾਪਸ ਆਪਣੇ ਪਿੰਡ ਤਾਜਪੁਰ ਜਾਣ ਲਈ ਆਪਣੀ ਸਕੂਟਰੀ ਉੱਪਰ ਛੀਨੀਵਾਲ ਕਲਾਂ ਤੋਂ ਮਹਿਲ ਕਲਾਂ ਨੂੰ ਜਾਂਦੇ ਸਮੇਂ ਰਸਤੇ 'ਚ ਪੈਂਦੇ ਸ਼ਰਾਬ ਦੇ ਠੇਕੇ ਨੇੜੇ ਪਹੁੰਚੀ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਨ੍ਹਾਂ ਤੋਂ ਪਰਸ, ਮੋਬਾਈਲ ਫ਼ੋਨ ਖੋਹ ਕੇ ਭੱਜ ਗਏ | ਇਸ ਦੌਰਾਨ ਅਚਾਨਕ ਸਕੂਟਰੀ ਬੇਕਾਬੂ ਹੋ ਕੇ ਦਰਖਤ ਨਾਲ ਜ਼ੋਰਦਾਰ ਟਕਰਾਉਣ ਨਾਲ ਦੋਵਾਂ ਮਾਵਾਂ-ਧੀਆਂ ਦੇ ਗੰਭੀਰ ਸੱਟਾਂ ਲੱਗਣ ਤੋਂ ਇਲਾਵਾ ਸਕੂਟਰੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ | ਇਸ ਘਟਨਾ ਬਾਰੇ ਪਤਾ ਲੱਗਦਿਆਂ ਹੀ ਤੁਰੰਤ ਪਹੁੰਚੇ ਸੁਖਮਨੀ ਸੇਵਾ ਸੁਸਾਇਟੀ ਛੀਨੀਵਾਲ ਕਲਾਂ ਦੇ ਪ੍ਰਧਾਨ ਜਗਮੇਲ ਸਿੰਘ ਧਾਲੀਵਾਲ ਨੇ ਗੰਭੀਰ ਜ਼ਖ਼ਮੀ ਹਾਲਤ 'ਚ ਮਾਂ, ਧੀ ਦੋਵਾਂ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਰਾਏਕੋਟ ਭਰਤੀ ਕਰਵਾਇਆ ਗਿਆ | ਇਸ ਘਟਨਾ ਬਾਰੇ ਸੂਚਿਤ ਕਰਨ ਲਈ ਜਦੋਂ ਪੁਲਿਸ ਥਾਣਾ ਮਹਿਲ ਕਲਾਂ ਦੇ ਅਧਿਕਾਰੀਆਂ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ |