ਤਪਾ ਮੰਡੀ, 6 ਜਨਵਰੀ (ਵਿਜੇ ਸ਼ਰਮਾ)-ਸ਼ਹਿਰ ਅੰਦਰ ਬੁਲਟ ਮੋਟਰਸਾਈਕਲਾਂ 'ਤੇ ਸਵਾਰ ਨੌਜਵਾਨ ਪਟਾਕੇ ਪਾਉਂਦੇ ਹਨ ਜਿਸ ਕਰ ਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਤਹਿਤ ਥਾਣਾ ਇੰਚਾਰਜ ਸਰੀਫ ਖ਼ਾਨ ਵਲੋਂ ਤਪਾ ਬਾਈਪਾਸ ਪੁਲ ਥੱਲੇ ਨਾਕਾ ਲਗਾ ਕੇ ਆਉਣ-ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਅਤੇ ਬੁਲਟ ਮੋਟਰਸਾਈਕਲ ਵਾਲਿਆਂ 'ਤੇ ਸ਼ਿਕੰਜਾ ਕੱਸਦੇ ਹੋਏ ਸਪੈਸ਼ਲ ਤੌਰ 'ਤੇ ਸਲੈਂਸਰ ਚੈੱਕ ਕੀਤੇ | ਥਾਣਾ ਇੰਚਾਰਜ ਸ਼ਰੀਫ ਖ਼ਾਨ ਨੇ ਕਿਹਾ ਕਿ ਬੁਲਟ ਮੋਟਰਸਾਈਕਲਾਂ 'ਤੇ ਨੌਜਵਾਨ ਸ਼ਹਿਰ ਅੰਦਰ ਗੇੜੀਆਂ ਲਾਉਂਦੇ ਹਨ ਅਤੇ ਪਟਾਕੇ ਮਾਰ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ | ਉਨ੍ਹਾਂ ਨੇ ਇਕ ਬੁਲਟ ਮੋਟਰਸਾਈਕਲ ਦਾ ਸਲੈਂਸਰ ਉਤਾਰ ਕੇ ਕਾਰਵਾਈ ਕੀਤੀ | ਉਨ੍ਹਾਂ ਕਿਹਾ ਕਿ ਅਗਰ ਕੋਈ ਬੁਲਟ ਮੋਟਰਸਾਈਕਲ 'ਤੇ ਪਟਾਕੇ ਪਾਉਂਦਾ ਕਾਬੂ ਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |