ਹੰਡਿਆਇਆ, 28 ਜਨਵਰੀ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਤੋਂ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਨੂੰ ਜਾ ਰਹੇ ਸਾਈਕਲ ਸਵਾਰ ਨੂੰ ਪਿੱਛੋਂ ਆ ਰਹੀ ਕਾਰ ਨੇ ਫੇਟ ਮਾਰ ਦਿੱਤੀ | ਜਿਸ ਕਾਰਨ ਸਾਈਕਲ ਸਵਾਰ ਮਲਕੀਤ ਸਿੰਘ ਦੀ ਮੌਤ ਹੋ ਗਈ ਸੀ | ਉਸ ਦੇ ਪਰਿਵਾਰਕ ਮੈਂਬਰਾਂ ਅਤੇ ਕਸਬਾ ਨਿਵਾਸੀਆਂ ਵਲੋਂ ਕੌਮੀ ਮਾਰਗ ਨੰ: 7 ਚੰਡੀਗੜ੍ਹ-ਬਠਿੰਡਾ ਹੰਡਿਆਇਆ ਵਿਖੇ ਮਿ੍ਤਕ ਦੀ ਲਾਸ਼ ਰੱਖ ਕੇ ਸੜਕ ਜਾਮ ਕਰ ਦਿੱਤੀ ਸੀ | ਮਿ੍ਤਕ ਦੇ ਵਾਰਸਾਂ ਦਾ ਕਹਿਣਾ ਸੀ ਕਿ ਪਹਿਲਾਂ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਕੇ ਗਿ੍ਫ਼ਤਾਰ ਕੀਤਾ ਜਾਵੇ | ਇਹ ਧਰਨਾ ਲੱਗਣ ਕਾਰਨ ਡੇਢ ਘੰਟਾ ਸੜਕ ਜਾਮ ਰਹੀ ਜਿਸ ਕਰ ਕੇ ਸਟੈਂਡਰਡ ਚੌਕ ਹੰਡਿਆਇਆ, ਬਰਨਾਲਾ ਰੋਡ, ਹੰਡਿਆਇਆ ਰੋਡ, ਮਾਨਸਾ ਰੋਡ ਉੱਪਰ ਲੰਬੀਆਂ ਲੰਬੀਆਂ ਵਹੀਕਲਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ | ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਧਰਨੇ 'ਚ ਸਦਰ ਥਾਣਾ ਦੇ ਇੰਚਾਰਜ ਜਗਜੀਤ ਸਿੰਘ, ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਪੁਲਿਸ ਪਾਰਟੀ ਸਮੇਤ ਪੱੁਜੇ ਤੇ ਉਨ੍ਹਾਂ ਕਿਹਾ ਕਿ ਕਾਰ ਨੰ: ਪੀ.ਬੀ. 19 ਵੀ-5121 ਦੇ ਡਰਾਈਵਰ ਮਨਵੀਰ ਸਿੰਘ ਪੱੁਤਰ ਰਜਿੰਦਰ ਸਿੰਘ ਵਾਸੀ ਧਨੌਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਧਰਨਾ ਚੁਕਵਾ ਦਿੱਤਾ ਗਿਆ |