ਭਦੌੜ, 28 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਐਸ.ਸੀ. ਵਿੰਗ ਦੇ ਸੂਬਾ ਕੋਆਰਡੀਨੇਟਰ ਰਾਜਵਿੰਦਰ ਸਿੰਘ ਸੀਤਲ ਵਲੋਂ ਹਲਕਾ ਭਦੌੜ ਦੇ ਪਿੰਡ ਜੰਗੀਆਣਾ ਵਿਖੇ ਮਨਰੇਗਾ ਵਰਕਰਾਂ ਤੇ ਮਿਹਨਤੀ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਮੀਟਿੰਗ ਕੀਤੀ ਗਈ | ਰਾਜਵਿੰਦਰ ਸਿੰਘ ਸੀਤਲ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡਾਂ ਅੰਦਰ ਮਨਰੇਗਾ ਬਚਾਓ ਸੰਗਰਾਮ ਤਹਿਤ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਵਲੋਂ ਮਨਰੇਗਾ ਬਜਟ ਵਿਚ ਕੀਤੀ ਗਈ ਭਾਰੀ ਕਟੌਤੀ ਅਤੇ ਨਵੇਂ ਅੜਿੱਕਿਆਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ | ਉਨ੍ਹਾਂ ਕਿਹਾ ਕਿ ਮਨਰੇਗਾ ਗ਼ਰੀਬ ਅਤੇ ਮਜ਼ਦੂਰ ਵਰਗ ਲਈ ਰੋਜ਼ਗਾਰ ਦੀ ਸਭ ਤੋਂ ਵੱਡੀ ਗਾਰੰਟੀ ਹੈ ਪਰ ਕੇਂਦਰ ਦੀਆਂ ਨੀਤੀਆਂ ਕਾਰਨ ਇਹ ਸਕੀਮ ਕਾਗ਼ਜ਼ੀ ਬਣ ਕੇ ਰਹਿ ਗਈ ਹੈ | ਭੁਗਤਾਨਾਂ ਵਿਚ ਦੇਰੀ, ਕੰਮ ਦੇ ਦਿਨ ਘਟਾਉਣਾ ਅਤੇ ਆਨਲਾਈਨ ਨਿਯਮਾਂ ਦੇ ਨਾਂਅ 'ਤੇ ਰੁਕਾਵਟਾਂ ਪਾ ਕੇ ਗ਼ਰੀਬਾਂ ਦਾ ਚੁੱਲ੍ਹਾ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਕਾਂਗਰਸ ਪਾਰਟੀ ਮਨਰੇਗਾ ਵਰਕਰਾਂ ਦੇ ਹੱਕਾਂ ਦੀ ਰੱਖਿਆ ਲਈ ਹਰ ਮੋਰਚੇ 'ਤੇ ਸੰਘਰਸ਼ ਕਰੇਗੀ | ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਲਈ ਇੱਕਜੁੱਟ ਰਹਿਣ 'ਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕਰਨ | ਇਸ ਸਮੇਂ ਸਾਬਕਾ ਸਰਪੰਚ ਜਗਤਾਰ ਸਿੰਘ, ਗੁਰਚਰਨ ਸਿੰਘ, ਨਿਰਮਲ ਸਿੰਘ, ਪ੍ਰਗਟ ਸਿੰਘ, ਗੁਰਮੇਲ ਸਿੰਘ, ਹਾਕਮ ਸਿੰਘ, ਸਵਰਨ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ, ਬਲੌਰ ਸਿੰਘ, ਲਛਮਣ ਸਿੰਘ ਸਮੇਤ ਹੋਰ ਵੀ ਆਗੂ ਹਾਜ਼ਰ ਸਨ |