ਬਰਨਾਲਾ, 2 ਫਰਵਰੀ (ਅਸ਼ੋਕ ਭਾਰਤੀ)-ਬੀਤੇ ਦਿਨੀਂ 25 ਏਕੜ ਬਰਨਾਲਾ ਵਿਖੇ ਪੁਲਿਸ ਅਤੇ ਰਾਜਨੀਤਿਕ ਲੋਕਾਂ ਦੀ ਮਿਲੀ ਭੁਗਤ ਨਾਲ ਪਿਛਲੇ ਲਗਭਗ 50 ਸਾਲਾਂ ਤੋਂ ਝੁੱਗੀਆਂ ਵਿਚ ਰਹਿੰਦੇ ਜੋਗੀਨਾਥਾਂ ਉੱਪਰ ਤਸ਼ੱਦਦ ਕਰਦਿਆਂ ਉਨ੍ਹਾਂ ਦੀਆਂ ਝੁੱਗੀਆਂ ਢਾਹ ਦਿੱਤੀਆਂ ਗਈਆਂ ਹਨ | ਉਪਰੋਕਤ ਵਾਪਰੇ ਵਰਤਾਰੇ ਵਿਰੁੱਧ ਜਨਤਕ ਅਤੇ ਸਮਾਜ ਸੇਵੀ ਜਥੇਬੰਦੀਆਂ ਵਲੋਂ ਸੀ.ਪੀ.ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸੀਆ ਸਿੰਘ, ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਸੋਹਣ ਸਿੰਘ ਮਾਝੀ, ਬਿੱਕਰ ਸਿੰਘ ਅÏਲਖ, ਸਮਾਜ ਸੇਵੀ ਭਾਨ ਸਿੰਘ ਜੱਸੀ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਦੀ ਅਗਵਾਈ ਵਿਚ ਏ.ਡੀ.ਸੀ ਸ੍ਰੀ ਅਮਿਤ ਬੈਬੀ ਨੂੰ ਮੰਗ-ਪੱਤਰ ਦਿੱਤਾ ਗਿਆ | ਆਗੂਆਂ ਨੇ ਮੰਗ ਕੀਤੀ ਕਿ ਝੁੱਗੀਆਂ ਝੌਂਪੜੀਆਂ ਵਾਲਿਆਂ ਦੇੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ, ਟੁੱਟੀਆਂ ਝੁੱਗੀਆਂ ਅਤੇ ਸਮਾਨ ਦਾ ਮੁਆਵਜ਼ਾ ਦਿੱਤਾ ਜਾਵੇ, ਅਤੇ ਹੋਏ ਅਣਮਨੁੱਖੀ ਤਸ਼ੱਦਦ ਸਬੰਧੀ ਜਾਂਚ ਉਪਰੰਤ ਦੋਸ਼ੀਆਂ ਉੱਪਰ ਵਿਭਾਗੀ ਕਾਰਵਾਈ ਕੀਤੀ ਜਾਵੇ |