ਰੂੜੇਕੇ ਕਲਾਂ, 2 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਪਿੰਡ ਪੱਖੋ ਕਲਾਂ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਤ ਰਵਿਦਾਸ ਦਾ ਜਨਮ ਦਿਹਾੜਾ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕਰਵਾਏ ਗੁਰਮਤਿ ਸਮਾਗਮ ਦੌਰਾਨ ਰਾਗੀ ਭਾਈ ਪਰਮਜੀਤ ਸਿੰਘ ਤਪਾ ਦਰਾਜ਼ ਵਾਲਿਆਂ ਨੇ ਗੁਰਮਤਿ ਵਿਚਾਰਾਂ ਕਰਦਿਆਂ ਕਿਹਾ ਕਿ ਭਗਤ ਰਵਿਦਾਸ ਨੇ ਮੂਰਤੀ ਪੂਜਾ, ਸਮਾਜਿਕ ਬੁਰਾਈਆਂ, ਊਚ ਨੀਚ ਦੇ ਖ਼ਿਲਾਫ਼ ਪ੍ਰਚਾਰ ਕਰਦਿਆਂ ਰੱਬ ਦੀ ਭਗਤੀ ਕੀਤੀ, ਸਮਾਜਿਕ ਬਰਾਬਰਤਾ ਦੀ ਮੰਗ ਕੀਤੀ | ਸਾਨੂੰ ਭਗਤ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਉਨ੍ਹਾਂ ਦੀ ਬਾਣੀ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ | ਭਾਈ ਪਿਰਮਲ ਸਿੰਘ ਖਾਲਸਾ ਸਾਬਕਾ ਵਿਧਾਇਕ ਭਦੌੜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਤਾਂ ਤੇ ਗੁਰੂਆਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਸਾਰੇ ਬਰਾਬਰ ਅਧਿਕਾਰਾਂ ਦਾ ਅਨੰਦ ਮਾਣ ਰਹੇ ਹਾਂ ਆਜ਼ਾਦੀ ਨਾਲ ਰਹਿ ਰਹੇ ਹਾਂ | ਪ੍ਰਬੰਧਕਾਂ ਵਲੋਂ ਵਿਧਾਇਕ ਪਿਰਮਲ ਸਿੰਘ ਖਾਲਸਾ, ਗ੍ਰੰਥੀ ਸਿੰਘਾਂ, ਪ੍ਰਚਾਰਕਾਂ ਤੇ ਰਾਗੀ ਭਾਈ ਪਰਮਜੀਤ ਸਿੰਘ ਤਪਾ ਦਰਾਜ਼ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ |