ਧਨੌਲਾ, 2 ਫਰਵਰੀ (ਜਤਿੰਦਰ ਸਿੰਘ ਧਨੌਲਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਜਸਵੀਰ ਸਿੰਘ ਕਾਲੇਕੇ ਦੀ ਅਗਵਾਈ ਵਿਚ ਬਜਟ ਦੀ ਸਮੀਖਿਆ ਲਈ ਪਿੰਡ ਕਾਲੇਕੇ ਵਿਖੇ ਹੋਈ | ਇਸ ਮੌਕੇ ਕਿਸਾਨ ਆਗੂ ਜ਼ਿਲ੍ਹਾ ਜਨਰਲ ਸਕੱਤਰ ਜਸਮੇਲ ਸਿੰਘ ਕਾਲੇਕੇ, ਭੁਪਿੰਦਰ ਸਿੰਘ ਬਿੱਟੂ ਰੂੜੇਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੋ ਖੇਤੀ ਲਈ ਬਜਟ ਲਗਭਗ 1.63 ਲੱਖ ਕਰੋੜ ਰੱਖਿਆ ਗਿਆ ਹੈ, ਉਹ ਬਹੁਤ ਹੀ ਥੋੜ੍ਹਾ ਹੈ ਕਿਉਂਕਿ ਪਿਛਲੇ ਸਾਲਾਂ ਵਿਚ ਜੋ ਖੇਤੀ ਦੀ ਹਾਲਤ ਹੈ, ਉਹ ਬਹੁਤ ਹੀ ਮਾੜੀ ਹੈ | ਸਮੁੱਚੀ ਕਿਸਾਨੀ ਦਾ ਕਰਜ਼ੇ ਨਾਲ ਵਾਲ-ਵਾਲ ਮੰਨਿਆ ਪਿਆ ਹੈ | ਕਿਸਾਨ ਆਗੂਆਂ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜੋ ਇਹ 1.63 ਲੱਖ ਕਰੋੜ ਦਾ ਬਜਟ ਰੱਖਿਆ ਹੈ | ਉਹ ਵੀ ਪੂਰਾ ਖੇਤੀ ਉੱਪਰ ਖ਼ਰਚ ਨਹੀਂ ਕੀਤਾ ਜਾਂਦਾ | ਜਦੋਂ ਕਿ ਕਿਸਾਨਾਂ ਵਲੋਂ ਫ਼ਸਲੀ ਵਿਭਿੰਨਤਾ ਅਤੇ ਸਾਰੀਆਂ ਫ਼ਸਲਾਂ ਉੱਤੇ ਐਮ.ਐਸ.ਪੀ ਦੀਆਂ ਮੰਗਾਂ ਵਾਰ-ਵਾਰ ਉਠਾਈਆਂ ਗਈਆਂ ਹਨ, ਉਨ੍ਹਾਂ ਨੂੰ ਵੀ ਇਸ ਬਜਟ ਵਿਚ ਅੱਖੋਂ ਪਰੋਖੇ ਕੀਤਾ ਗਿਆ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਬਜਟ ਕਾਰਪੋਰੇਟ ਪੱਖੀ ਅਤੇ ਕਿਸਾਨ ਵਿਰੋਧੀ ਹੈ, ਜਿਸ ਦਾ ਕਿ ਸਮੁੱਚੀ ਕਿਸਾਨੀ ਵਲੋਂ ਭਾਰੀ ਵਿਰੋਧ ਕੀਤਾ ਜਾਂਦਾ ਹੈ | ਮੋਦੀ ਸਰਕਾਰ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਜਿਸ ਦਾ ਕਿ ਪੰਜਾਬ ਦੇ ਕਿਸਾਨਾਂ ਵਲੋਂ ਭਾਰੀ ਵਿਰੋਧ ਕੀਤਾ ਜਾਂਦਾ ਹੈ | ਇਸ ਮੌਕੇ ਇੰਦਰਜੀਤ ਸਿੰਘ ਧਨੌਲਾ, ਗੁਰਵਿੰਦਰ ਸਿੰਘ ਧਨੌਲਾ, ਜਸਕਰਨ ਸਿੰਘ ਭੈਣੀ ਫੱਤਾ, ਗੁਰਤੇਜ ਸਿੰਘ ਨੰਬਰਦਾਰ ਕਾਲੇਕੇ, ਗੱਗੂ ਭੈਣੀ ਫੱਤਾ, ਗੁਰਵਿੰਦਰ ਵੜਿੰਗ ਧਨੌਲਾ, ਰਣਜੀਤ ਸਿੰਘ ਰੂੜੇਕੇ ਆਦਿ ਕਿਸਾਨ ਹਾਜ਼ਰ ਸਨ |