ਟੱਲੇਵਾਲ, 3 ਫਰਵਰੀ (ਸੋਨੀ ਚੀਮਾ)-ਡਿਪਟੀ ਕਮਿਸ਼ਨਰ ਬਰਨਾਲਾ ਸ: ਹਰਪ੍ਰੀਤ ਸਿੰਘ ਨੂੰ ਪਿੰਡ ਬਖਤਗੜ੍ਹ ਨਾਲ ਸਬੰਧਿਤ ਇਕ ਵਫ਼ਦ ਤਰਨਜੀਤ ਸਿੰਘ ਦੱੁਗਲ ਜ਼ਿਲ੍ਹਾ ਪ੍ਰਧਾਨ ਪੁਨਰ ਸੁਰਜੀਤ ਅਤੇ ਮੌਜੂਦਾ ਪੰਚ ਯਾਦਵਿੰਦਰ ਸਿੰਘ ਦੀ ਅਗਵਾਈ ਵਿਚ ਮਿਲਿਆ | ਇਸ ਉਪਰੰਤ ਜਾਣਕਾਰੀ ਦਿੰਦਿਆਂ ਤਰਨਜੀਤ ਸਿੰਘ ਦੱੁਗਲ ਅਤੇ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬਖਤਗੜ੍ਹ ਵਿਖੇ ਸਰਪੰਚ ਦੀ ਅਗਵਾਈ ਵਿਚ ਪੰਚਾਇਤ ਵਲੋਂ ਪਿੰਡ ਦੀ ਪੰਚਾਇਤੀ ਜ਼ਮੀਨ ਵਿਚੋਂ ਹਰੇ ਦਰੱਖਤ ਵੱਢੇ ਜਾਣ ਅਤੇ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ 18 ਫੱੁਟ ਦੇ ਕਰੀਬ ਮਾਈਨਿੰਗ ਕੀਤੀ ਗਈ ਸੀ | ਜਿਸ ਸਬੰਧੀ ਅਸੀਂ ਪਹਿਲਾਂ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨੂੰ ਮੰਗ-ਪੱਤਰ ਦਿੱਤੇ ਸਨ | ਉਪਰੰਤ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਵੀ ਦੇਖੇ ਪਰ ਸੱਤਾਧਾਰੀ ਪਾਰਟੀ ਦੀ ਸ਼ਹਿ 'ਤੇ ਉਕਤ ਸਰਪੰਚ ਅਤੇ ਪੰਚਾਇਤ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਉਣ ਲਈ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ | ਉਕਤ ਆਗੂਆਂ ਨੇ ਕਿਹਾ ਕਿ ਪਿੰਡ ਦੀ ਸਰਪੰਚ ਦਾ ਪਤੀ ਜੋ ਪਹਿਲਾਂ ਮੰਨ ਚੱੁਕਿਆ ਹੈ, ਕਿ ਉਕਤ ਮਾਮਲੇ ਸਬੰਧੀ ਕੋਈ ਮਤਾ ਨਹੀਂ ਪਾਇਆ ਗਿਆ ਪਰ ਹੁਣ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ, ਕਿ ਸੱਤਾਧਾਰੀ ਪਾਰਟੀ ਦੀ ਸ਼ਹਿ 'ਤੇ ਪੰਚਾਇਤੀ ਰਿਕਾਰਡ ਨਾਲ ਛੇੜਛਾੜ ਕਰ ਸਕਦੇ ਹਨ ਅਤੇ ਜਿਸ ਦੇ ਚੱਲਦਿਆਂ ਅੱਜ ਮੁੜ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੂੰ ਮਿਲ ਕੇ ਮਾਮਲੇ ਦੀ ਜਾਂਚ ਕਰਵਾ ਕੇ ਕਾਰਵਾਈ ਅਮਲ ਵਿਚ ਲਿਆਉਣ ਦੀ ਅਪੀਲ ਕੀਤੀ ਗਈ ਹੈ | ਉਕਤ ਆਗੂਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਉਕਤ ਮਾਮਲੇ ਵਿਚ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ | ਉਕਤ ਆਗੂਆਂ ਨੇ ਕਿਹਾ ਕਿ ਪਿੰਡ ਨੈਣੇਵਾਲ ਨਾਲ ਸਬੰਧਿਤ ਗਗਨਦੀਪ ਸਿੰਘ ਨੈਣੇਵਾਲ ਨੂੰ ਸਿਰਫ਼ 8 ਟਰਾਲੀਆਂ ਮਿੱਟੀ ਕਰਕੇ ਸਸਪੈਂਡ ਕੀਤਾ ਜਾ ਚੱੁਕਿਆ ਹੈ, ਪਰ ਇੱਥੇ ਸੈਂਕੜੇ ਟਰਾਲੀਆਂ ਮਿੱਟੀ ਤੋਂ ਇਲਾਵਾ ਹਰੇ ਭਰੇ ਦਰੱਖਤ ਬਿਨਾਂ ਮਨਜ਼ੂਰੀ ਤੋਂ ਵੱਢ ਦਿੱਤੇ ਗਏ ਹਨ | ਉਕਤ ਮਾਮਲੇ ਸਬੰਧੀ ਜਲਦ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ, ਨਹੀਂ ਅਸੀਂ ਹਾਈਕੋਰਟ ਦਾ ਦਰਵਾਜ਼ਾ ਖੜਕਾਵਾਂਗੇ | ਇਸ ਸਬੰਧੀ ਜਦ ਬੀ.ਡੀ.ਪੀ.ਓ ਮਹਿਲ ਕਲਾਂ ਬਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਮੌਕਾ ਦੇਖਿਆ ਗਿਆ ਸੀ | ਜਿਸ ਦੀ ਰਿਪੋਰਟ ਡੀ.ਡੀ.ਪੀ.ਓ ਬਰਨਾਲਾ ਸ: ਸਵਿੰਦਰ ਸਿੰਘ ਨੂੰ ਭੇਜੀ ਗਈ ਹੈ | ਇਸ ਸਬੰਧੀ ਜਦ ਡੀ.ਡੀ.ਪੀ.ਓ ਸਵਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫ਼ੋਨ ਰਸੀਵ ਨਹੀਂ ਕੀਤਾ |