ਬਰਨਾਲਾ, 3 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਯੁਵਕ ਕਲੱਬ ਪਾਲਿਸੀ-2025 ਤਹਿਤ ਯੂਥ ਕਲੱਬਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਵੇਗੀ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਯੁਵਕ ਸੇਵਾਵਾਂ, ਵਿਭਾਗ ਪੰਜਾਬ ਵਲੋਂ ਪ੍ਰਵਾਨਗੀ ਉਪਰੰਤ ਯੂਥ ਕਲੱਬ ਪਾਲਿਸੀ-2025 ਦੀ ਨੋਟੀਫ਼ਿਕੇਸ਼ਨ ਜਾਰੀ ਕੀਤੀ ਜਾ ਚੁੱਕੀ ਹੈ | ਉਨ੍ਹਾਂ ਜ਼ਿਲ੍ਹਾ ਬਰਨਾਲਾ ਦੇ ਯੁਵਕ ਸੇਵਾਵਾਂ ਕਲੱਬਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਦੱਸਿਆ ਕਿ ਯੂਥ ਕਲੱਬ ਐਫੀਲੀਏਸ਼ਨ ਪਾਲਿਸੀ 2025 ਦੇ ਤਹਿਤ ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਿਤ ਯੂਥ ਕਲੱਬਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰ ਕੇ (ਗੈਰ-ਸਰਗਰਮ) ਯੂਥ ਕਲੱਬਾਂ ਨੂੰ ਰੱਦ ਕਰਨ ਦਾ ਫ਼ੈਸਲਾ 21 ਜਨਵਰੀ 2026 ਨੂੰ ਪ੍ਰਕਾਸ਼ਿਤ ਪਬਲਿਕ ਨੋਟਿਸ ਰਾਹੀਂ ਲਿਆ ਗਿਆ ਹੈ | ਇਸ ਲਈ ਉਨ੍ਹਾਂ ਵਿਭਾਗ ਨਾਲ ਮਾਨਤਾ ਪ੍ਰਾਪਤ ਯੂਥ ਕਲੱਬਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਬਰਨਾਲਾ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ) ਦੇ ਦਫ਼ਤਰ ਵਿਚ ਪਹੁੰਚ ਕੇ ਪੰਜਾਬ ਸਰਕਾਰ ਵਲੋਂ ਜਾਰੀ ਨੋਟਿਸ ਦੀ ਪਾਲਣਾ ਹਿਤ 45 ਦਿਨ ਦੇ ਅੰਦਰ-ਅੰਦਰ ਆਪਣੇ ਕਲੱਬ ਦੀ ਪਿਛਲੇ ਤਿੰਨ ਸਾਲਾਂ (2023 ਤੋਂ 24, 2024 ਤੋਂ 25 ਅਤੇ 2025 ਤੋਂ 26) ਦੀ ਕਾਰਗੁਜ਼ਾਰੀ ਦਾ ਵੇਰਵਾ ਸਬੂਤਾਂ ਸਹਿਤ ਮੁਹੱਈਆ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਨਵੀਂ ਯੂਥ ਪਾਲਿਸੀ ਤਹਿਤ ਕਲੱਬਾਂ ਵਲੋਂ ਕਾਰਗੁਜ਼ਾਰੀ ਰਿਪੋਰਟ ਨਿਰਧਾਰਿਤ ਸਮੇਂ ਅੰਦਰ ਜਮ੍ਹਾ ਕਰਵਾਉਣੀ ਜ਼ਰੂਰੀ ਹੋਵੇਗੀ | ਸ੍ਰੀ ਅਰੁਣ ਕੁਮਾਰ ਡਾਇਰੈਕਟਰ, ਯੁਵਕ ਸੇਵਾਵਾਂ ਨੇ ਦੱਸਿਆ ਕਿ ਇਸ ਮੌਕੇ ਵਿਭਾਗ ਨਾਲ 447 ਯੁਵਕ ਸੇਵਾਵਾਂ ਕਲੱਬ ਐਫੀਲੀਏਟਿਡ ਹਨ ਅਤੇ ਇਨ੍ਹਾਂ ਵਿਚੋਂ ਬਹੁਤੇ ਕਲੱਬਾਂ ਦੀ ਕਾਰਗੁਜ਼ਾਰੀ ਸੰਤੋਸ਼ਜਨਕ ਨਹੀਂ ਹੈ |