ਤਪਾ ਮੰਡੀ, 3 ਫਰਵਰੀ (ਵਿਜੇ ਸ਼ਰਮਾ)-ਬਰਨਾਲਾ ਜ਼ਿਲ੍ਹੇ ਦੇ ਸਬ-ਡਵੀਜ਼ਨ ਤਪਾ ਦੇ ਸਰਕਾਰੀ ਹਸਪਤਾਲ ਵਿਚ ਲੰਮੇ ਸਮੇਂ ਤੋਂ ਤਿਆਰ ਹੋਈ ਮਿ੍ਤਕ ਦੇਹਾਂ ਦੀ ਸੰਭਾਲ ਲਈ ਮੌਰਚਰੀ ਇਕ ਚਿੱਟਾ ਹਾਥੀ ਸਾਬਤ ਹੋ ਰਹੀ ਹੈ ਪਰ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਜਾਂ ਸਰਕਾਰ ਵਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਲੋਕਾਂ ਨੇ ਵਾਰ-ਵਾਰ ਸਰਕਾਰ ਦੇ ਪ੍ਰਤੀਨਿਧੀਆਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਪਰ ਮਿ੍ਤਕ ਦੇਹ ਦੀ ਸੰਭਾਲ ਲਈ ਬਣਾਈ ਮੌਰਚਰੀ ਨਹੀਂ ਚੱਲ ਸਕੀ | ਜਿਸ ਕਰ ਕੇ ਮਿ੍ਤਕ ਦੇਹਾਂ ਦੀ ਸੰਭਾਲ ਲਈ ਪਰਿਵਾਰਾਂ ਨੂੰ ਬਰਨਾਲਾ ਵਿਖੇ ਜਾਣਾ ਪੈਂਦਾ ਹੈ | ਤਪਾ ਦੇ ਸਰਕਾਰੀ ਹਸਪਤਾਲ ਵਿਚ ਮੌਰਚਰੀ ਵਿਚ ਦੇਹ ਦੀ ਸੰਭਾਲ ਲਈ ਸਾਰਾ ਲੋੜੀਂਦਾ ਸਮਾਨ ਪਿਆ ਹੈ ਜਿਸ ਨੂੰ ਅੱਪਡੇਟ ਕਰਨ ਅਤੇ ਚਾਲੂ ਕਰਨ ਲਈ ਡਾਕਟਰਾਂ ਦੀ ਕਮੀ ਦਰਸਾਈ ਜਾਂਦੀ ਹੈ ਪਰ ਇਹ ਕਮੀ ਕਾਫੀ ਲੰਮੇ ਸਮੇਂ ਤੋਂ ਪੂਰੀ ਨਹੀਂ ਹੋ ਸਕੀ ਪਰ ਪਿਛਲੇ ਦਿਨੀਂ ਦੇਹ ਸੰਭਾਲ ਦਾ ਮੁੱਦਾ ਮਨੁੱਖੀ ਅਧਿਕਾਰ ਕਮਿਸ਼ਨ ਦੀ ਬਰਨਾਲਾ ਵਿਖੇ ਫੇਰੀ ਦੌਰਾਨ ਉਨ੍ਹਾਂ ਦੇ ਦਰਬਾਰ ਜਾ ਪੱੁਜਾ ਜਿਸ 'ਤੇ ਬੋਲਦਿਆਂ ਮਨੁੱਖੀ ਅਧਿਕਾਰ ਕਮਿਸ਼ਨ ਪਦਮ ਸ੍ਰੀ ਜਤਿੰਦਰ ਪਾਲ ਸਿੰਘ ਸੈਟੀ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਤਪਾ ਹਸਪਤਾਲ ਦੀ ਮੌਰਚਰੀ ਇਕ ਹਫ਼ਤੇ ਅੰਦਰ ਚਾਲੂ ਹੋ ਜਾਵੇਗੀ ਪਰ ਹੁਣ ਵੇਖਣਾ ਇਹ ਹੈ ਕਿ ਅਧਿਕਾਰੀਆਂ ਤੇ ਪ੍ਰਸ਼ਾਸਨ ਵਲੋਂ ਮੌਰਚਰੀ ਚਲਾਉਣ ਲਈ ਕੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ | ਹਸਪਤਾਲ ਵਿਚ ਮੌਜੂਦ ਕੰਮ ਕਰਦੇ ਮੁਲਾਜ਼ਮਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸਬ-ਡਵੀਜ਼ਨ ਤਪਾ ਦਾ ਸਭ ਤੋਂ ਵੱਡਾ ਹਸਪਤਾਲ ਹੋਣ ਕਾਰਨ ਜਿੱਥੇ ਬਿਲਡਿੰਗ ਬਹੁਤ ਵਧੀਆ ਹੈ ਉੱਥੇ ਕੁੱਝ ਸਮਾਂ ਪਹਿਲਾਂ ਮਾਹਿਰ ਡਾਕਟਰਾਂ ਦੀ ਪੂਰੀ ਟੀਮ ਕੰਮ ਕਰਦੀ ਸੀ ਪਰ ਕੁੱਝ ਡਾਕਟਰਾਂ ਦੀ ਹਫ਼ਤੇ ਵਿਚ ਦੋ ਤਿੰਨ ਦਿਨ ਡਿਊਟੀ ਇੱਥੇ ਹੁੰਦੀ ਹੈ ਅਤੇ ਦੋ ਦਿਨ ਤਿੰਨ ਡਿਊਟੀ ਕਿਸੇ ਬਾਹਰਲੇ ਸਰਕਾਰੀ ਹਸਪਤਾਲ ਵਿਚ ਹੁੰਦੀ ਹੈ ਕਿਉਂਕਿ ਮਰੀਜ਼ਾਂ ਦਾ ਵਧੀਆ ਇਲਾਜ ਦੇ ਹੋਣ ਕਾਰਨ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕਈ ਵਾਰ ਮਾਹਿਰ ਡਾਕਟਰਾਂ ਨੂੰ ਮਰੀਜ਼ਾਂ ਨੂੰ ਚੈੱਕਅਪ ਕਰਦਿਆਂ ਛੱਡ ਕੇ ਐਮਰਜੈਂਸੀ ਵਿਚ ਆਪਣੀ ਡਿਊਟੀ 'ਤੇ ਵੀ ਜਾਣਾ ਪੈਂਦਾ ਹੈ ਜਿਸ ਕਰ ਕੇ ਚੈੱਕ ਕਰਵਾਉਣ ਆਏ ਮਰੀਜ਼ਾਂ ਦੀ ਖੱਜਲ ਖ਼ੁਆਰੀ ਵੱਧ ਹੋ ਰਹੀ ਕਿਉਂਕਿ ਹਸਪਤਾਲ ਵਿਚ ਡਾਕਟਰਾਂ ਦੀ ਅਤੇ ਸਟਾਫ਼ ਨਰਸਾਂ ਦੀ ਕਾਫੀ ਕਮੀ ਮਹਿਸੂਸ ਹੋ ਰਹੀ ਹੈ | ਇਸ ਲਈ ਤਪਾ ਦੇ ਹਸਪਤਾਲ ਵਿਚ ਡਾਕਟਰਾਂ ਅਤੇ ਸਟਾਫ਼ ਨਰਸਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ |