ਬਰਨਾਲਾ, 4 ਫਰਵਰੀ (ਅਸ਼ੋਕ ਭਾਰਤੀ)-ਪਿੰਡ ਫਰਵਾਹੀ ਵਿਖੇ ਸੀਟੂ ਵਲੋਂ ਕੇਂਦਰ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੀਟੂ ਦੇ ਸੂਬਾ ਸਕੱਤਰ ਸਾਥੀ ਸੇਰ ਸਿੰਘ ਨੇ ਕਿਹਾ ਕਿ ਕੇਂਦਰੀ ਬਜਟ ਲੋਕ ਵਿਰੋਧੀ ਅਤੇ ਮਜ਼ਦੂਰ ਵਰਗ ਵਿਰੋਧੀ ਹੈ | ਕਾਰਪੋਰੇਟਾਂ ਨੂੰ ਗਰਾਂਟਾਂ/ਸਹੂਲਤਾਂ ਪ੍ਰਦਾਨ ਕਰਦਾ ਹੈ ਅਤੇ ਲੋਕਾਂ ਦੇ ਹਿਤਾਂ ਨਾਲ ਧੋਖਾ ਕਰਦਾ ਹੈ | ਸੀਟੂ ਇਸ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟਾਂ ਪੱਖੀ ਬਜਟ ਨੂੰ ਖੁੱਲੇ੍ਹ ਤੌਰ 'ਤੇ ਰੱਦ ਕਰਦੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਮਿਹਨਤਕਸ਼ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਇਕ ਵਿਸ਼ਾਲ ਇਕ ਜੁੱਟ ਵਿਰੋਧ ਨੂੰ ਤੇਜ਼ ਕਰਨ ਅਤੇ ਸੜਕਾਂ 'ਤੇ ਆਉਣ ਦੇ ਨਾਲ ਹੀ 12 ਫਰਵਰੀ ਨੂੰ ਦੇਸ਼ ਪੱਧਰੀ ਆਮ ਹੜਤਾਲ ਵਿਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ | ਇਸ ਮੌਕੇ ਸਾਥੀ ਦਰਸ਼ਨ ਸਿੰਘ ਸਿੱਧੂ, ਬਲਵੀਰ ਸਿੰਘ, ਬਲਦੇਵ ਸਿੰਘ, ਜਗਜੀਤ ਸਿੰਘ, ਮੇਜਰ ਸਿੰਘ, ਜਸਬੀਰ ਸਿੰਘ, ਸੁਖਵਿੰਦਰ ਸਿੰਘ, ਆਤਮਾ ਸਿੰਘ, ਪਿਆਰਾ ਸਿੰਘ, ਭੋਲਾ ਸਿੰਘ, ਗਿਆਨੀ ਕਰਨੈਲ ਸਿੰਘ, ਮੇਲਾ ਸਿੰਘ ਆਦਿ ਹਾਜ਼ਰ ਸਨ |