ਭਦੌੜ, 6 ਫਰਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਭਦੌੜ ਦੀ ਅਹਿਮ ਇਕੱਤਰਤਾ ਸਥਾਨਕ ਪੈਨਸ਼ਨਰਜ਼ ਦਫ਼ਤਰ ਵਿਖੇ ਪ੍ਰਧਾਨ ਮਾ: ਰਣਧੀਰ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸਮੂਹ ਮੈਂਬਰਾਂ ਆਪਣੀ ਹਾਜ਼ਰੀ ਭਰੀ ਤੇ ਆਪਣੇ ਵਿੱਛੜੇ ਸਾਥੀ ਸੋਮ ਨਾਥ ਨੂੰ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ | ਮੀਟਿੰਗ ਦੌਰਾਨ ਪ੍ਰਧਾਨ ਮਾ: ਰਣਧੀਰ ਸਿੰਘ, ਵਿੱਤ ਸਕੱਤਰ ਮਾ: ਬਲਵਿੰਦਰ ਸਿੰਘ, ਮਾ: ਗੁਰਚਰਨ ਸਿੰਘ ਅਤੇ ਮਾ: ਅਮਰਜੀਤ ਚੌਧਰੀ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਜਥੇਬੰਦੀ ਵਲੋਂ ਜ਼ਿਲ੍ਹਾ ਪੱਧਰ 'ਤੇ ਕੀਤੇ ਜੇ ਰਹੇ ਪ੍ਰੋਗਰਾਮ ਸਬੰਧੀ ਆਪਣੇ ਵਿਚਾਰ ਰੱਖਦੇ ਹੋਏ ਪੰਜਾਬ ਸਰਕਾਰ ਦੁਆਰਾ ਪੈਨਸ਼ਨਰਜ਼ ਦੀਆਂ ਮੰਗਾਂ ਪ੍ਰਤੀ ਵਰਤੀ ਜਾ ਰਹੀ ਦੇਰੀ ਉਪਰ ਆਪਣਾ ਸਖ਼ਤ ਰੋਸ ਜ਼ਾਹਿਰ ਕੀਤਾ | ਉਕਤ ਆਗੂਆਂ ਨੇ ਅੱਗੇ ਕਿਹਾ ਕਿ ਸਰਕਾਰ ਨੇ ਵਿਧਾਨ ਸਭਾ ਚੋਣਾਂ ਵੇਲੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਨੂੰ ਚਾਰ ਸਾਲਾਂ ਤੋਂ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ | ਸੂਬਾ ਪੱਧਰੀ ਜਥੇਬੰਦੀ ਦੇ ਆਗੂਆਂ ਵਲੋਂ ਭਾਵੇਂ ਕਈ ਵਾਰ ਸਰਕਾਰ ਦੇ ਮੰਤਰੀਆਂ ਤੇ ਹੋਰ ਅਧਿਕਾਰੀਆਂ ਨਾਲ ਹੋਈਆਂ ਬੈਠਕਾਂ ਅੰਦਰ ਮੰਗਾਂ ਮੰਨਣ ਗੱਲ ਕਹੀ ਗਈ ਪਰ ਫਿਰ ਵੀ ਬਜ਼ੁਰਗ ਪੈਨਸ਼ਨਾਂ ਨੂੰ ਕੁੱਝ ਨਹੀਂ ਦਿੱਤਾ ਗਿਆ | ਮੀਟਿੰਗ ਦੌਰਾਨ ਸਮੂਹ ਪੈਨਸ਼ਨਾਂ ਨੇ ਤੁਰੰਤ ਮਹਿੰਗਾਈ ਭੱਤੇ ਡੀ.ਏ. ਦੀਆਂ ਰਹਿੰਦੀਆਂ ਕਿਸ਼ਤਾਂ, 2.59 ਗੁਣਾਂਕ ਨਾਲ ਪੇਅ ਸਕੇਲ ਅਤੇ 16 ਪ੍ਰਤੀਸ਼ਤ ਡੀ.ਏ. ਦੇਣ ਦੀ ਮੰਗ ਕੀਤੀ | ਉਨ੍ਹਾਂ ਦੱਸਿਆ ਕਿ 13 ਫਰਵਰੀ ਨੂੰ ਪੰਜਾਬ ਮੁਲਾਜ਼ਮ ਫ਼ਰੰਟ ਦੇ ਸੱਦੇ ਉਪਰ ਡੀ.ਸੀ. ਬਰਨਾਲਾ ਦੇ ਦਫ਼ਤਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਦੇ ਨਾਂਅ ਮੰਗ-ਪੱਤਰ ਦਿੱਤਾ ਜਾਵੇਗਾ | ਜਿਸ ਦੌਰਾਨ ਵਿਚ ਸਮੂਹ ਆਗੂਆਂ ਅਤੇ ਮੈਂਬਰਾਂ ਨੂੰ ਵੱਡੀ ਗਿਣਤੀ ਵਿਚ ਪੁੱਜਣ ਦੀ ਅਪੀਲ ਵੀ ਕੀਤੀ ਗਈ | ਇਸ ਸਮੇਂ ਚੇਅਰਮੈਨ ਡਾ: ਅਮਰ ਸਿੰਘ, ਦਰਸ਼ਨ ਸਿੰਘ ਪਟਵਾਰੀ, ਸੈਕਟਰੀ ਗੁਰਦੀਪ ਸਿੰਘ ਗੋਂਦਾਰਾ, ਮਾ: ਬਲਦੇਵ ਸਿੰਘ ਕੈਨੇਡਾ, ਮਿੱਠੂ ਸਿੰਘ ਜੰਗੀਆਣਾ, ਗੁਰਜੰਟ ਸਿੰਘ ਜੰਗੀਆਣਾ, ਗੰਢਾ ਸਿੰਘ, ਹਰਦੀਪ ਸਿੰਘ ਦੁੱਗਲ, ਹਰਬੰਸ ਸਿੰਘ ਸਮੀਰ, ਮਾ: ਗੁਰਦੇਵ ਸਿੰਘ, ਜਸਵੰਤ ਸਿੰਘ ਗਰੇਵਾਲ, ਪ੍ਰੇਮ ਨਾਥ, ਦਰਸ਼ਨ ਸਿੰਘ ਵੈਦ, ਰਾਜ ਕੁਮਾਰ ਅਤੇ ਬਾਲ ਕ੍ਰਿਸ਼ਨ ਆਦਿ ਹਾਜ਼ਰ ਸਨ |