ਧਨੌਲਾ, 6 ਫਰਵਰੀ (ਜਤਿੰਦਰ ਸਿੰਘ ਧਨੌਲਾ)-ਰੇਤੇ ਦੀਆਂ ਅਣ-ਢੱਕੀਆਂ ਭਰੀਆਂ ਟਰਾਲੀਆਂ ਕਿਸੇ ਵੇਲੇ ਵੀ ਹਾਦਸਿਆਂ ਦਾ ਸਬੱਬ ਬਣ ਸਕਦੀਆਂ ਹਨ | ਜ਼ਿਕਰ ਯੋਗ ਹੈ ਕਿ ਧਨੌਲਾ ਦੀਆਂ ਲਿੰਕ ਸੜਕਾਂ ਅਤੇ ਮੇਨ ਸੜਕਾਂ ਉੱਪਰ ਦੀ ਅਕਸਰ ਰੇਤੇ ਦੀਆਂ ਭਰੀਆਂ ਟਰਾਲੀਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਪ੍ਰੰਤੂ ਭਰੀ ਟਰਾਲੀ ਉੱਪਰ ਤਰਪਾਲਾਂ ਨਾ ਪਾਏ ਜਾਣ ਕਰ ਕੇ ਰੇਤਾ ਉੱਡ ਕੇ ਅਕਸਰ ਪਿੱਛੇ ਆ ਰਹੇ ਵਾਹਨਾਂ ਖ਼ਾਸ ਕਰ ਕੇ ਸਕੂਟਰ-ਮੋਟਰਸਾਈਕਲਾਂ ਚਾਲਕਾਂ ਦੀਆਂ ਅੱਖਾਂ ਵਿਚ ਪੈਂਦਾ ਰਹਿੰਦਾ ਹੈ | ਇਹ ਵੀ ਪਤਾ ਲੱਗਾ ਹੈ ਕਿ ਸਮਰੱਥਾ ਤੋਂ ਵੱਧ ਜੁਗਾੜ ਲਾ ਕੇ ਬਣਾਈਆਂ ਟਰਾਲੀਆਂ ਜਦ ਇੰਟਰਲਾਕ ਸੜਕਾਂ ਉੱਪਰੋਂ ਦੀ ਗੁਜ਼ਰਦੀਆਂ ਹਨ ਤਾਂ ਸੜਕਾਂ ਦੀ ਹਾਲਤ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ | ਇਲਾਕਾ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਰੇਤਾ ਦੀ ਢੋਆ-ਢੁਆਈ ਦਾ ਕੰਮ ਕਰਦੇ ਲੋਕਾਂ ਨਾਲ ਵਿਸ਼ੇਸ਼ ਤਾਲਮੇਲ ਕਰ ਕੇ ਉਨ੍ਹਾਂ ਨੂੰ ਸਖ਼ਤ ਤਾੜਨਾ ਕੀਤੀ ਜਾਵੇ ਅਤੇ ਉਨ੍ਹਾਂ ਦੀ ਸਮਰੱਥਾ ਨਿਸ਼ਚਿਤ ਕੀਤੀ ਜਾਵੇ ਤਾਂ ਕਿ ਜਿੱਥੇ ਸੜਕਾਂ ਟੁੱਟਣ ਤੋਂ ਬਚ ਸਕਣ ਉੱਥੇ ਪਿੱਛੋਂ ਆ ਰਹੇ ਵਾਹਨ ਚਾਲਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ | ਜ਼ਿਕਰਯੋਗ ਹੈ ਕਿ ਨਿਕਾਸੀ ਪਾਣੀ ਦਾ ਯੋਗ ਪ੍ਰਬੰਧ ਨਾ ਹੋਣ ਕਰ ਕੇ ਮਜਬੂਰੀ ਬੱਸ ਲੋਕ ਵਾਰ-ਵਾਰ ਘਰ ਉੱਚੇ ਚੁੱਕ ਕੇ ਬਣਾ ਰਹੇ ਹਨ | ਜਿਸ ਨਾਲ ਤਕਰੀਬਨ ਭਰਤਾਂ ਦਾ ਕੰਮ ਲਗਾਤਾਰ ਸਰਦੀ ਗਰਮੀ ਜਾਰੀ ਹੀ ਰਹਿੰਦਾ ਹੈ | ਇਲਾਕਾ ਨਿਵਾਸੀਆਂ ਦੀ ਡਿਪਟੀ ਕਮਿਸ਼ਨਰ ਬਰਨਾਲਾ ਪਾਸੋਂ ਪੁਰਜ਼ੋਰ ਮੰਗ ਹੈ ਕਿ ਇਸ ਸੰਜੀਦਾ ਮਾਮਲੇ ਨੂੰ ਗੰਭੀਰਤਾ ਨਾਲ ਨਜਿੱਠ ਕੇ ਢੁਕਵੀਂ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ |