ਭਦੌੜ, 6 ਫਰਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਨਗਰ ਕੌਂਸਲ ਦੇ ਪ੍ਰਧਾਨ ਮੁਨੀਸ਼ ਗਰਗ ਵਲੋਂ ਨਵੇਂ ਆਏ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਕੇ ਕਸਬੇ ਦੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ ਗਈ | ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਦੱਸਿਆ ਕਿ ਬਰਨਾਲਾ-ਬਾਜਖਾਨਾ ਰੋਡ ਮੇਨ ਸੜਕ, ਭਦੌੜ ਨੂੰ ਨੇੜਲੇ ਪਿੰਡਾਂ ਨਾਲ ਜੋੜਦੀਆਂ ਲਿੰਕ ਸੜਕਾਂ, ਗੰਦੇ ਪਾਣੀ ਦੇ ਨਿਕਾਸ ਲਈ ਪ੍ਰੋਜੈਕਟ ਲਈ ਜੋ ਕਰੋੜਾਂ ਰੁਪਏ ਦੇ ਫ਼ੰਡ ਜਾਰੀ ਹੋਣ ਨਾਲ ਟੈਂਡਰ ਵੀ ਪਾਸ ਹੋ ਚੁੱਕੇ ਹਨ | ਉਨ੍ਹਾਂ ਉਪਰ ਜਲਦੀ ਹੀ ਕੰਮ ਸ਼ੁਰੂ ਕਰਨ ਦੀ ਮੰਗ ਰੱਖੀ ਗਈ | ਉਨ੍ਹਾਂ ਦੱਸਿਆ ਕਿ ਸੀਵਰੇਜ ਦੀ ਸਮੱਸਿਆ ਨੇ ਕਸਬੇ ਵਿਚਲੇ ਮਾਹੌਲ ਨੂੰ ਪੂਰੀ ਤਰ੍ਹਾਂ ਵਿਗਾੜ ਰੱਖਿਆ ਹੈ ਜਿਸ ਕਰ ਕੇ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਲਈ ਉਚੇਚੇ ਪ੍ਰਬੰਧ ਕਰਨ ਦੀ ਸਖ਼ਤ ਲੋੜ ਹੈ ਉੱਥੇ ਪੂਰੇ ਕਸਬੇ ਅੰਦਰ ਸਟਰੀਟ ਲਾਈਟਾਂ, ਪਾਰਕਾਂ, ਬਰਸਾਤਾਂ ਦੇ ਦੌਰਾਨ ਭਦੌੜ ਦੇ ਸਾਰੇ ਹੀ ਓਵਰ ਫਲੋਅ ਹੋ ਰਹੇ ਛੱਪੜਾਂ ਲਈ ਵੀ ਜੋ ਟੈਂਡਰ ਪਾਸ ਹੋਏ ਹੋਏ ਹਨ | ਉਨ੍ਹਾਂ ਉਪਰ ਜਲਦੀ ਕੰਮ ਚਾਲੂ ਕਰਾਉਣ ਦੀ ਮੰਗ ਕੀਤੀ ਗਈ | ਪ੍ਰਧਾਨ ਮੁਨੀਸ਼ ਗਰਗ ਨੇ ਭਦੌੜ ਦਾ ਦੌਰਾ ਕਰਨ ਲਈ ਡਿਪਟੀ ਕਮਿਸ਼ਨਰ ਸਾਹਿਬ ਨੂੰ ਸੱਦਾ ਵੀ ਦਿੱਤਾ | ਇਸ ਮੁਲਾਕਾਤ ਉਪਰੰਤ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਸਮੁੱਚੇ ਕੰਮਾਂ ਪ੍ਰਤੀ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ ਤਾਂ ਜੋ ਸਾਰੇ ਕੰਮਾਂ ਨੂੰ 31 ਮਾਰਚ ਤੱਕ ਪੂਰਾ ਕੀਤਾ ਜਾ ਸਕੇ |