ਸ਼ਹਿਣਾ, 23 ਫਰਵਰੀ (ਸੁਰੇਸ਼ ਗੋਗੀ)-ਗ੍ਰਾਮ ਪੰਚਾਇਤ ਜੋਧਪੁਰ ਵਲੋਂ ਖੇਡ ਸਟੇਡੀਅਮ ਦਾ ਕੰਮ ਮੁੜ ਸ਼ੁਰੂ ਕੀਤਾ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਸਰਪੰਚ ਵੀਰਪਾਲ ਸਿੰਘ ਠੇਕੇਦਾਰ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਲੱਖਾਂ ਰੁਪਏ ਦੀ ਗ੍ਰਾਂਟ ਖੇਡ ਸਟੇਡੀਅਮ ਲਈ ਜਾਰੀ ਕੀਤੀ ਗਈ ਸੀ | ਜਿਸ ਵਿਚੋਂ ਸਟੇਜ ਦਾ ਕੰਮ ਪਹਿਲਾਂ ਖ਼ਤਮ ਕੀਤਾ ਗਿਆ ਹੈ ਅਤੇ ਸਟੇਜ ਦੇ ਅਧੂਰੇ ਕੰਮ ਨੂੰ ਪੂਰਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਖੇਡ ਸਟੇਡੀਅਮ ਦੇ ਬੱਸ ਅੱਡੇ ਵਾਲੇ ਪਾਸੇ ਬਾਥਰੂਮ ਬਣਾਏ ਜਾ ਰਹੇ ਹਨ ਜਿਸ ਦਾ ਕਿ ਖਿਡਾਰੀਆਂ ਤੋਂ ਇਲਾਵਾ ਬੱਸ ਅੱਡੇ 'ਤੇ ਬੈਠਣ ਵਾਲੀਆਂ ਸਵਾਰੀਆਂ ਨੂੰ ਵੀ ਲਾਭ ਹੋਵੇਗਾ | ਉਸ ਉਪਰੰਤ ਟਰੈਕ ਦਾ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ | ਸਰਪੰਚ ਵੀਰਪਾਲ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ ਅਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਪਿੰਡ ਦੇ ਹੋਰ ਵਿਕਾਸ ਕਾਰਜ ਵੀ ਸ਼ੁਰੂ ਕੀਤੇ ਹੋਏ ਹਨ |