ਧਨੌਲਾ, 23 ਫਰਵਰੀ (ਧਨੌਲਾ)-ਪੱਤੀ ਬੰਗੇਹਰ ਜੱਟਾਂ ਧਨੌਲਾ ਅਤੇ ਭੈਣੀ ਜੱਸਾ ਦੇ ਨਾਲ ਲੱਗਦੇ ਖੇਤਾਂ ਦੇ ਕਰੀਬ 25 ਕਿਸਾਨਾਂ ਨੇ ਥਾਣਾ ਧਨੌਲਾ ਪੁੱਜ ਕੇ ਗੁਹਾਰ ਲਗਾਈ ਕਿ ਬੀਤੇ ਦਿਨੀਂ ਉਨ੍ਹਾਂ ਦੀਆਂ 25 ਦੇ ਕਰੀਬ ਮੋਟਰਾਂ ਤੋਂ ਅਣਪਛਾਤੇ ਵਿਅਕਤੀ ਕੇਬਲ ਤਾਰਾਂ ਵੱਢ ਕੇ ਰਫ਼ੂ ਚੱਕਰ ਹੋ ਗਏ | ਕਿਸਾਨਾਂ ਨੇ ਦੱਸਿਆ ਕਿ ਚੋਰ ਬੇਖ਼ੌਫ ਤਾਰਾਂ ਉਤਾਰਦੇ ਰਹੇ ਅਤੇ ਤਾਰਾਂ ਸਾੜ ਕੇ ਤਾਂਬਾ ਕੱਢ ਕੇ ਫ਼ਰਾਰ ਹੋ ਗਏ | ਇਕੱਤਰ ਕਿਸਾਨਾਂ ਨੇ ਥਾਣਾ ਧਨੌਲਾ ਪੁੱਜ ਕੇ ਐਸ.ਐਚ.ਓ ਲਖਬੀਰ ਸਿੰਘ ਪਾਸ ਗੁਹਾਰ ਲਾਉਂਦਿਆਂ ਆਖਿਆ ਕਿ ਅਣਪਛਾਤੇ ਵਿਅਕਤੀਆਂ ਦੀ ਭਾਲ ਕਰ ਕੇ ਉਨ੍ਹਾਂ ਨੂੰ ਇਨਸਾਫ਼ ਮੁਹੱਈਆ ਕਰਵਾਇਆ ਜਾਵੇ | ਥਾਣੇ ਪੁੱਜਣ ਵਾਲੇ ਕਿਸਾਨਾਂ ਵਿਚ ਪੀੜਤ ਕਿਸਾਨ ਮਨੋਹਰ ਸਿੰਘ, ਬੂਟਾ ਸਿੰਘ, ਅਰਜਨ ਸਿੰਘ, ਕੁਲਦੀਪ ਸਿੰਘ, ਫੁੰਮਣ ਸਿੰਘ, ਗੁਰਤੇਜ ਸਿੰਘ, ਗੋਰਾ ਸਿੰਘ, ਬਹਾਦਰ ਸਿੰਘ, ਬਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਜਿੰਦਰ ਸਿੰਘ ਸਿੱਧੂ, ਭੂਰਾ ਸਿੰਘ, ਮਨੋਹਰ ਸਿੰਘ, ਸੰਦੀਪ ਸਿੰਘ, ਸ਼ੇਰ ਸਿੰਘ, ਗੁਰਪ੍ਰੀਤ ਸਿੰਘ, ਬੀਰਾ ਸਿੰਘ, ਅਮਰੀਕ ਸਿੰਘ ਸ਼ਾਮਿਲ ਸਨ |