ਟੱਲੇਵਾਲ, 24 ਫਰਵਰੀ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦੇ ਕੰਪਿਊਟਰ ਵਿਭਾਗ ਵਲੋਂ ਵਿਭਾਗ ਮੁਖੀ ਪ੍ਰੋ: ਜਸਪ੍ਰੀਤ ਕੌਰ ਅਤੇ ਪ੍ਰੋਗਰਾਮ ਅਫ਼ਸਰ ਪ੍ਰੋ: ਨਰਪ੍ਰੀਤ ਕੌਰ ਦੀ ਅਗਵਾਈ ਵਿਚ ਵਿਦਿਆਰਥਣਾਂ ਦਾ ਸੋਲੀਟੇਅਰ ਇਨਫੋਸਿਸ ਪ੍ਰਾਈਵੇਟ ਲਿਮਟਿਡ ਪਟਿਆਲਾ ਦਾ ਇਕ ਉਦਯੋਗਿਕ ਦੌਰਾ ਕਰਵਾਇਆ ਗਿਆ | ਇਹ ਦੌਰਾ ਵਿਦਿਆਰਥਣਾਂ ਨੂੰ ਉਦਯੋਗਿਕ ਵਾਤਾਵਰਨ ਅਤੇ ਵਿਹਾਰਕ ਗਿਆਨ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਰੱਖਿਆ ਗਿਆ ਸੀ | ਇਸ ਮੌਕੇ ਵਿਦਿਆਰਥਣਾਂ ਨੇ ਕੰਪਨੀ ਦੇ ਕਾਰਜ ਪ੍ਰਣਾਲੀ, ਉੱਥੇ ਵਰਤੀਆਂ ਜਾਂਦੀਆਂ ਨਵੀਨਤਮ ਤਕਨੀਕਾਂ ਅਤੇ ਸਾਫ਼ਟਵੇਅਰ ਵਿਕਾਸ ਪ੍ਰਕਿਰਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ | ਖ਼ਾਸ ਤੌਰ 'ਤੇ ਵਿਦਿਆਰਥੀਆਂ ਨੇ ਫੁੱਲ ਸਟੈਕ ਡਿਵੈਲਪਮੈਂਟ ਅਤੇ ਪਾਈਥਨ ਪ੍ਰੋਗਰਾਮਿੰਗ ਭਾਸ਼ਾ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ | ਕੰਪਨੀ ਦੇ ਮਾਹਰਾਂ ਵਲੋਂ ਦੱਸਿਆ ਗਿਆ ਕਿ ਕਿਵੇਂ ਫੁੱਲ ਸਟੈਕ ਡਿਵੈਲਪਮੈਂਟ ਵਿਚ ਵੈੱਬਸਾਈਟ ਦੇ ਦੋਨੋਂ ਭਾਗਾਂ (ਫਰੰਟ-ਐਂਡ ਅਤੇ ਬੈਕ-ਐਂਡ) ਨੂੰ ਵਿਕਸਤ ਕੀਤਾ ਜਾਂਦਾ ਹੈ | ਇਸ ਦੇ ਨਾਲ ਹੀ ਪਾਈਥਨ ਦੀ ਵਰਤੋਂ ਡੇਟਾ ਸਾਇੰਸ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਵੈੱਬ ਡਿਵੈਲਪਮੈਂਟ ਵਿਚ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਇਸ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਚਰਨਦੀਪ ਸਿੰਘ (ਡਾ:), ਪ੍ਰੋ: ਨਰਪ੍ਰੀਤ ਕੌਰ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |