ਧਨੌਲਾ, 24 ਫਰਵਰੀ (ਜਤਿੰਦਰ ਸਿੰਘ ਧਨੌਲਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਬਰਨਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਜਸਵੀਰ ਸਿੰਘ ਕਾਲੇਕੇ ਦੀ ਅਗਵਾਈ ਵਿਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਧਨੌਲਾ ਵਿਖੇ ਹੋਈ | ਇਸ ਮੌਕੇ ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ ਰਾਜਗੜ੍ਹ, ਭੁਪਿੰਦਰ ਸਿੰਘ ਬਿੱਟੂ ਰੂੜੇਕੇ, ਰਜਿੰਦਰ ਸਿੰਘ ਦਰਾਕਾ, ਬੁਗਰ ਸਿੰਘ ਫਰਵਾਹੀ ਨੇ ਦੱਸਿਆ ਕਿ 28 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਬਰਨਾਲਾ ਵਿਖੇ ਕਿਸਾਨ ਕਨਵੈੱਨਸ਼ਨ ਕੀਤੀ ਜਾ ਰਹੀ ਹੈ, ਜਿਸ ਵਿਚ ਵੱਡੀ ਪੱਧਰ 'ਤੇ ਕਿਸਾਨ ਇਕੱਠੇ ਹੋਣਗੇ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਹਾਜ਼ਰੀ ਲਵਾਉਣਗੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੋ ਅਮਰੀਕਾ ਨਾਲ ਫ਼ਰੀ ਟਰੇਡ ਡੀਲ ਕੀਤੀ ਜਾ ਰਹੀ ਹੈ, ਉਸ ਨਾਲ ਭਾਰਤ ਦਾ ਕਿਸਾਨ ਤਬਾਹ ਹੋ ਜਾਵੇਗਾ ਅਤੇ ਕਿਸਾਨ ਇਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ | ਇਸ ਲਈ ਭਾਵੇਂ ਕਿੱਡਾ ਵੀ ਅੰਦੋਲਨ ਕਰਨਾ ਪੈ ਜਾਵੇ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਸੂਬੇ ਭਰ ਵਿਚ ਨਕਲੀ ਦੁੱਧ ਧੜੱਲੇ ਨਾਲ ਵਿਕ ਰਿਹਾ ਹੈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਨਕਲੀ ਦੁੱਧ ਕਾਰਨ ਦੁੱਧ ਉਤਪਾਦਕਾਂ ਨੂੰ ਵੀ ਸਹੀ ਰੇਟ ਨਹੀਂ ਮਿਲ ਰਿਹਾ | ਇਸ ਲਈ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਨਕਲੀ ਦੁੱਧ ਦੀ ਜਾਂਚ ਲਈ ਹਰ ਇੱਕ ਜ਼ਿਲ੍ਹੇ ਵਿਚ ਲੈਬਾਂ ਸਥਾਪਿਤ ਕੀਤੀਆਂ ਜਾਣ, ਤਾਂ ਜੋ ਨਕਲੀ ਦੁੱਧ ਦੇ ਚੱਲ ਰਹੇ ਇਸ ਗੋਰਖ ਧੰਦੇ ਨੂੰ ਨੱਥ ਪਾਈ ਜਾ ਸਕੇ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜੋ ਬਠਿੰਡਾ ਦੀ ਐਸ.ਐਸ.ਪੀ ਜੋਤੀ ਯਾਦਵ ਵਲੋਂ ਕਿਸਾਨਾਂ ਉੱਪਰ ਬੇਰਹਿਮੀ ਨਾਲ ਤਸ਼ੱਦਦ ਕੀਤਾ ਗਿਆ ਹੈ, ਇਸ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਜਾਂਦੀ ਹੈ | ਇਹ ਕਾਰਵਾਈ ਪੰਜਾਬ ਵਿਚ ਪੁਲਿਸ ਰਾਜ ਵੱਲ ਇਸ਼ਾਰਾ ਕਰਦੀ ਹੈ | ਜਥੇਬੰਦੀ ਵਲੋਂ ਮੰਗ ਕੀਤੀ ਜਾਂਦੀ ਹੈ ਕਿ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਪੰਜਾਬ ਸਰਕਾਰ ਵਲੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਇਸ ਮੌਕੇ ਰਣਧੀਰ ਸਿੰਘ ਸੇਖਾ, ਕੋਮਲਦੀਪ ਸਿੰਘ ਧਨੌਲਾ, ਨਿਰਮਲ ਸਿੰਘ ਛੰਨਾ, ਨੱਥਾ ਸਿੰਘ ਸੰਘੇੜਾ, ਬੂਟਾ ਸਿੰਘ ਸੇਖਾ, ਜਸਵਿੰਦਰ ਸਿੰਘ ਕਾਲੇਕੇ, ਗੁਰਜੰਟ ਸਿੰਘ ਫਰਵਾਹੀ, ਟੇਕ ਸਿੰਘ ਪੱਤੀ ਸੇਖਵਾਂ, ਮਲਕੀਤ ਸਿੰਘ ਠੀਕਰੀਵਾਲ, ਗੁਰਤੇਜ ਸਿੰਘ ਕੱਟੂ, ਗੁਲਾਬ ਸਿੰਘ ਸੰਘੇੜਾ, ਗੁਰਵਿੰਦਰ ਸਿੰਘ ਧਨੌਲਾ, ਬੂਟਾ ਸਿੰਘ ਸੇਖਾ, ਮੇਜਰ ਸਿੰਘ ਸੇਖਾ, ਚਮਕੌਰ ਸਿੰਘ ਠੀਕਰੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |