ਮਹਿਲ ਕਲਾਂ, 24 ਫ਼ਰਵਰੀ (ਅਵਤਾਰ ਸਿੰਘ ਅਣਖੀ)-ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ 'ਆਪ' ਸਰਕਾਰ ਦੀਆਂ ਧੱਕੇਸ਼ਾਹੀਆਂ ਤੋਂ ਅੱਜ ਪੰਜਾਬ ਦਾ ਹਰ ਵਰਗ ਤੰਗ ਆ ਚੁੱਕਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਬਦਲਾਖੋਰੀ ਦੀ ਨੀਤੀ ਤਹਿਤ ਆਮ ਲੋਕਾਂ ਨੂੰ ਆਏ ਦਿਨ ਪ੍ਰੇਸ਼ਾਨ ਕਰ ਰਹੀ ਹੈ | ਹਾਲਾਂਕਿ ਅਸੀਂ ਸ਼ਾਮਲਾਟ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਿਆਂ ਦੇ ਪੱਖ ਵਿਚ ਨਹੀਂ ਹਾਂ, ਪਰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਸਿਰਫ਼ ਗ਼ਰੀਬ ਕਿਰਤੀਆਂ ਅਤੇ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ 'ਤੇ 'ਪੀਲਾ ਪੰਜਾ' ਚਲਾਇਆ ਜਾ ਰਿਹਾ ਹੈ | ਇਸ ਦੀ ਤਾਜ਼ਾ ਮਿਸਾਲ ਹਲਕਾ ਮਹਿਲ ਕਲਾਂ ਦੇ ਪਿੰਡ ਸਹਿਜੜਾ ਵਿਚ ਦੇਖਣ ਨੂੰ ਮਿਲੀ ਹੈ, ਜਿੱਥੇ ਸੱਤਾਧਾਰੀ ਧਿਰ ਦੇ ਸਥਾਨਕ ਆਗੂਆਂ ਦੀਆਂ ਅੱਖਾਂ ਵਿਚ ਰੜਕਣ ਵਾਲੇ ਗ਼ਰੀਬ ਲੋਕਾਂ ਦੀਆਂ ਰੂੜੀਆਂ ਅਤੇ ਵਾੜੇ ਚੁੱਕ ਕੇ ਉੱਥੇ ਪਾਰਕ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ | ਜਥੇਦਾਰ ਹਮੀਦੀ ਨੇ ਸਵਾਲ ਕੀਤਾ ਕਿ ਜਿੱਥੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਲੋਕਾਂ ਨੇ ਕਬਜ਼ੇ ਕੀਤੇ ਹਨ, ਉੱਥੇ ਪ੍ਰਸ਼ਾਸਨ ਚੁੱਪ ਕਿਉਂ ਹੈ? ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਸੱਤਾਧਾਰੀ ਧਿਰ ਦਾ ਹੱਥ-ਠੋਕਾ ਬਣ ਕੇ ਰਹਿ ਗਿਆ ਹੈ | ਗ਼ਰੀਬਾਂ ਵਲੋਂ ਦਿੱਤੀਆਂ ਅਨੇਕਾਂ ਦਰਖ਼ਾਸਤਾਂ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ | ਉਨ੍ਹਾਂ ਸੁਖਪਾਲ ਸਿੰਘ ਖਹਿਰਾ ਵਰਗੇ ਆਗੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਵੱਡੇ ਆਗੂ ਹੀ ਸੁਰੱਖਿਅਤ ਨਹੀਂ, ਤਾਂ ਆਮ ਜਨਤਾ ਦਾ ਕੀ ਬਣੇਗਾ? ਉਨ੍ਹਾਂ ਮੰਗ ਕੀਤੀ ਕਿ ਨਾਜਾਇਜ਼ ਕਬਜ਼ੇ ਬਦਲਾਖੋਰੀ ਤਹਿਤ ਨਹੀਂ ਸਗੋਂ ਪਾਰਦਰਸ਼ੀ ਢੰਗ ਨਾਲ ਸਭ ਥਾਵਾਂ ਤੋਂ ਹਟਾਏ ਜਾਣ, ਨਹੀਂ ਤਾਂ ਸਰਕਾਰ ਵਿਰੁੱਧ ਇਕ ਵੱਡੀ ਲੋਕ ਲਹਿਰ ਖੜ੍ਹੀ ਹੋਵੇਗੀ | ਇਸ ਮੌਕੇ ਕੁਲਵੰਤ ਸਿੰਘ ਪ੍ਰਧਾਨ ਬੀ.ਸੀ. ਵਿੰਗ ਅਤੇ ਸੁਖਵਿੰਦਰ ਸਿੰਘ ਮੈਂਬਰ ਪੰਚਾਇਤ ਮਾਂਗੇਵਾਲ ਵੀ ਮੌਜੂਦ ਸਨ |