ਤਪਾ ਮੰਡੀ, 24 ਫਰਵਰੀ (ਪ੍ਰਵੀਨ ਗਰਗ)-ਅੰਦਰਲੀ ਅਨਾਜ ਮੰਡੀ 'ਚ ਪਿਛਲੇ ਕੁੱਝ ਮਹੀਨਿਆਂ ਤੋਂ ਅਧੂਰੀ ਪਈ ਸੜਕ ਫ਼ੰਡ ਨਾ ਰਿਲੀਜ਼ ਹੋਣ ਕਾਰਨ ਅੱਧ ਵਿਚਕਾਰ ਲੜਕੀ ਪਈ ਹੈ ਜਿਸ ਕਾਰਨ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦੇ ਨਾਲ-ਨਾਲ ਨਮੋਸ਼ੀ ਚੱਲਣੀ ਪੈ ਰਹੀ ਹੈ ਕਿਉਂਕਿ ਇਸ ਦਾ ਅਸਰ ਉਨ੍ਹਾਂ ਦੇ ਰੁਜ਼ਗਾਰ 'ਤੇ ਵੀ ਪੈ ਰਿਹਾ ਹੈ | ਜਦ ਕਿ ਸਬੰਧਿਤ ਦੁਕਾਨਦਾਰਾਂ ਵਲੋਂ ਕੁੱਝ ਦਿਨ ਪਹਿਲਾਂ ਸਬੰਧਿਤ ਠੇਕੇਦਾਰ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ ਸੀ ਪ੍ਰੰਤੂ ਸਬੰਧਿਤ ਠੇਕੇਦਾਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ | ਦੁਕਾਨਦਾਰਾਂ ਅਤੇ ਇਲਾਕੇ ਦੀਆਂ ਸਮੱਸਿਆਵਾਂ ਸੁਣਨ ਲਈ ਅੱਜ ਵਿਸ਼ੇਸ਼ ਤੌਰ 'ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਤਪਾ ਵਿਖੇ ਪੁੱਜੇ | ਜਿਨ੍ਹਾਂ ਅੰਦਰਲੀ ਅਨਾਜ ਮੰਡੀ ਵਿਖੇ ਅਧੂਰੀ ਪਈ ਸੜਕ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ ਦੇ ਪਤੀ ਡਾ: ਬਾਲ ਚੰਦ ਬਾਂਸਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਧਾਨ ਭੰਗੂ ਨੂੰ ਠੇਕੇਦਾਰੀ ਦੀ ਮਾੜੀ ਕਾਰਗੁਜ਼ਾਰੀ ਬਾਰੇ ਚਾਨਣਾ ਪਾਇਆ | ਜਿਸ ਉਪਰੰਤ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਭੰਗੂ ਨੇ ਸਮੂਹ ਦੁਕਾਨਦਾਰਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਜਲਦ ਹੀ ਫ਼ੰਡ ਰਿਲੀਜ਼ ਕਰਵਾ ਕੇ ਇਸ ਸੜਕ ਦਾ ਨਿਰਮਾਣ ਕਰਵਾਉਣਗੇ | ਉਨ੍ਹਾਂ ਸਬੰਧਿਤ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਕੰਮ ਦੀ ਗੁਣਵੱਤਾ ਯਕੀਨੀ ਬਣਾਉਣ ਅਤੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ, ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ | ਉਨ੍ਹਾਂ ਕਿਹਾ ਕਿ ਸੜਕਾਂ ਦੀ ਗੁਣਵੱਤਾ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਸਮੂਹ ਦੁਕਾਨਦਾਰਾਂ ਨੇ ਜ਼ਿਲ੍ਹਾ ਪ੍ਰਧਾਨ ਭੰਗੂ ਦਾ ਧੰਨਵਾਦ ਕੀਤਾ | ਇਸ ਹੇਮ ਰਾਜ ਸ਼ੰਟੀ ਮੌੜ, ਮਨੀਸ਼ ਮਿੱਤਲ, ਹੇਮ ਰਾਜ ਭੂਤ, ਰਾਜੂ ਮੌੜ, ਰਿੰਪੀ ਡਾਲਾ, ਵਿਜੇ ਧੂਰਕੋਟੀਆ, ਰਿੰਕੂ ਮੌੜ, ਪ੍ਰਦੀਪ ਤੀਲੀ, ਘੋਚਾ ਤਾਜੋ, ਪਵਨ ਧੂਰਕੋਟੀਆ, ਅਸ਼ੋਕ ਗੁਪਤਾ, ਬਰਫ਼ੀ, ਜਤਿਨ ਗਰਗ ਆਦਿ ਦੁਕਾਨਦਾਰ ਮੌਜੂਦ ਸਨ |