ਧਨੌਲਾ, 24 ਫਰਵਰੀ (ਧਨੌਲਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਵ: ਸ: ਸੁਖਦੇਵ ਸਿੰਘ ਢੀਂਡਸਾ ਦੀ ਬਰਸੀ ਸਬੰਧੀ ਸਮਾਗਮ 11 ਮਾਰਚ ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਹੋਵੇਗਾ | ਇਹ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਗੱਲਬਾਤ ਕਰਦਿਆਂ ਕੀਤਾ | ਪੰਜਾਬ ਅੰਦਰ ਚੱਲ ਰਹੇ ਘਟਨਾਕ੍ਰਮ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਅੰਦਰ ਸ਼ਰੇ੍ਹਆਮ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ | ਚਿੱਟੇ ਦਿਨ ਕਤਲ ਹੋ ਰਹੇ ਹਨ | ਅਫ਼ਸਰਸ਼ਾਹੀ ਬੇਲਗ਼ਾਮ ਹੋ ਕੇ ਰਹਿ ਗਈ ਹੈ | ਕਤਾਰਾਂ 'ਚ ਲੱਗੇ ਲੋਕ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਹਨ | ਭਿ੍ਸ਼ਟਾਚਾਰ ਸਿਰ ਚੜ੍ਹ ਬੋਲਣ ਲੱਗ ਪਿਆ ਹੈ | ਨਿਆਂ ਦੀ ਆਸ ਨਾਲ ਥਾਣੇ ਗਏ ਲੋਕਾਂ ਨੂੰ ਭਾਰੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ | ਮਾਲ ਵਿਭਾਗ ਬੇਲਗ਼ਾਮ ਹੋ ਕੇ ਰਹਿ ਗਿਆ ਹੈ | ਹੋਰ ਤਾਂ ਹੋਰ ਕੋਈ ਸਰਕਾਰੀ ਅਦਾਰਾ ਐਸਾ ਨਹੀਂ ਜਿਹੜਾ ਦਸਤਾਵੇਜ਼ਾਂ ਦੇ ਚੱਕਰਵਿਊ 'ਚ ਉਲਝਾ ਕੇ ਲੋਕਾਂ ਨੂੰ ਖੱਜਲ ਖ਼ੁਆਰ ਨਾ ਕਰ ਰਿਹਾ ਹੋਵੇ | ਸ: ਢੀਂਡਸਾ ਨੇ ਆਖਿਆ ਕਾਂਗਰਸ ਪਾਰਟੀ ਨੇ ਵੀ ਆਪਣੇ ਕਾਰਜਕਾਲ ਦੌਰਾਨ ਲੋਕਾਂ ਦੇ ਨੱਕ ਵਿਚ ਦਮ ਕਰੀ ਰੱਖਿਆ | ਜਦ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਵੱਡੇ-ਵੱਡੇ ਘਪਲੇ ਜੱਗ ਜਾਹਰ ਹੋ ਜਾਣ ਦੇ ਬਾਵਜੂਦ ਵੀ ਕੋਈ ਰਾਹਤ ਪ੍ਰਦਾਨ ਕਰਦੀ ਦਿਖਾਈ ਨਹੀਂ ਦੇ ਰਹੀ | ਜਿਸ ਨਾਲ ਭਿ੍ਸ਼ਟਾਚਾਰੀਆਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ ਤੇ ਉਹ ਬਿਨਾਂ ਝਿਜਕ ਪਹਿਲਾਂ ਨਾਲੋਂ ਵੀ ਖੁੱਲ ਕੇ ਨਿੱਜੀ ਹਿਤ ਸਾਧਨ ਤੇ ਰਾਹ ਪੈ ਗਏ ਹਨ | ਇਸ ਮੌਕੇ ਡਾ: ਪ੍ਰਦੀਪ ਸਿੰਘ ਬੱਬੂ ਉਪਲੀ, ਗੁਰਪ੍ਰਕਾਸ਼ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |