ਤਪਾ ਮੰਡੀ, 24 ਫਰਵਰੀ (ਪ੍ਰਵੀਨ ਗਰਗ)-ਸ੍ਰੀਮਤੀ ਸ਼ਾਂਤੀ ਦੇਵੀ ਮੈਮੋਰੀਅਲ ਸਰਕਾਰੀ ਕੰਨਿਆ ਹਾਈ ਸਕੂਲ ਤਪਾ ਵਿਖੇ ਨੋ ਟੂ ਪਲਾਸਟਿਕ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਸਮਾਗਮ ਸਕੂਲ ਦੀ ਪਿ੍ੰਸੀਪਲ ਅਤੇ ਮੁੱਖ ਅਧਿਆਪਕਾ ਡਿੰਪੀ ਰਾਣੀ ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ | ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਵਧਦੇ ਪ੍ਰਯੋਗ ਨਾਲ ਪੈਦਾ ਹੋ ਰਹੀਆਂ ਵਾਤਾਵਰਨ ਸਮੱਸਿਆਵਾਂ ਬਾਰੇ ਜਾਣੂ ਕਰਵਾਉਣਾ ਸੀ | ਇਸ ਮੌਕੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਪਲਾਸਟਿਕ ਦੀ ਅਤਿ ਵਰਤੋਂ ਧਰਤੀ, ਪਾਣੀ ਅਤੇ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਬਣ ਰਹੀ ਹੈ | ਪਲਾਸਟਿਕ ਕਚਰਾ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਘਟਾਉਂਦਾ ਹੈ ਅਤੇ ਜਲ ਸਰੋਤਾਂ ਨੂੰ ਵੀ ਗੰਦਾ ਕਰਦਾ ਹੈ | ਪ੍ਰਵਕਤਾਵਾਂ ਨੇ ਕਿਹਾ ਕਿ ਪਲਾਸਟਿਕ ਦੀ ਥਾਂ ਕੱਪੜੇ ਦੇ ਥੈਲੇ ਅਤੇ ਹੋਰ ਵਾਤਾਵਰਣ-ਮਿੱਤਰ ਵਿਕਲਪਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਵਿਦਿਆਰਥੀਆਂ ਨੇ ਪਲਾਸਟਿਕ ਮੁਕਤ ਕੈਂਪਸ ਬਣਾਉਣ ਦਾ ਸੰਕਲਪ ਲਿਆ ਅਤੇ ਆਪਣੇ ਘਰਾਂ ਤੇ ਸਮਾਜ ਵਿਚ ਵੀ ਇਸ ਸੰਦੇਸ਼ ਨੂੰ ਫੈਲਾਉਣ ਦਾ ਵਚਨ ਦਿੱਤਾ | ਪਿ੍ੰਸੀਪਲ ਡਿੰਪੀ ਰਾਣੀ ਨੇ ਸਭ ਨੂੰ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਇਸ ਤਰ੍ਹਾਂ ਦੇ ਜਾਗਰੂਕਤਾ ਕਾਰਜ-ਕਰਮ ਆਗਾਮੀ ਸਮੇਂ ਵਿਚ ਵੀ ਜਾਰੀ ਰੱਖਣ ਦੀ ਗੱਲ ਕਹੀ | ਸਮਾਗਮ ਸਫਲਤਾ ਪੂਰਵਕ ਸੰਪੰਨ ਹੋਇਆ ਅਤੇ ਹਾਜ਼ਰੀਨਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ |