ਬਰਨਾਲਾ, 24 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਨਾਵਲਕਾਰ ਰਾਮ ਸਿੰਘ ਬੀਹਲਾ ਦੇ ਨਾਵਲ 'ਧੀਆਂ ਬਾਝ ਹਨੇਰਾ' ਉੱਪਰ ਸਥਾਨਕ ਸਕੂਲ ਆਫ਼ ਐਮੀਨੈਂਸ ਵਿਖੇ ਗੋਸ਼ਟੀ ਕਰਵਾਈ ਗਈ | ਇਹ ਸਮਾਗਮ ਫਰੀਡਮ ਫਾਈਟਰ ਗੁਰਬਖ਼ਸ਼ ਸਿੰਘ ਰਾਹੀ ਨੂੰ ਸਮਰਪਿਤ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਪਿ੍ੰ. ਇਕਬਾਲ ਕੌਰ ਉਦਾਸੀ, ਮੁੱਖ ਮਹਿਮਾਨ ਪਾਲ ਸਿੰਘ ਲਹਿਰੀ, ਐਡਵੋਕੇਟ ਮਨਵੀਰ ਕੌਰ ਪੋਤੀ ਗੁਰਬਖ਼ਸ਼ ਸਿੰਘ ਰਾਹੀ ਅਤੇ ਰਾਮ ਸਿੰਘ ਬੀਹਲਾ ਨੇ ਕੀਤੀ | ਗੁਰਬਖ਼ਸ਼ ਸਿੰਘ ਰਾਹੀ ਬਾਰੇ ਐਡ. ਮਨਵੀਰ ਕੌਰ ਨੇ ਕਿਹਾ ਕਿ ਮੇਰੇ ਦਾਦਾ ਨੇ ਜਿੱਥੇ ਆਜ਼ਾਦੀ ਦੀ ਲੜਾਈ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਉੱਥੇ ਸਾਹਿਤ ਤੇ ਸਿੱਖ ਇਤਿਹਾਸ ਲਈ ਚੌਵੀ ਪੁਸਤਕਾਂ ਦੀ ਸਿਰਜਣਾ ਕੀਤੀ | ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਰਾਹੀ ਸਾਹਿਬ ਪੰਜਾਬੀ ਸਾਹਿਤ ਸਭਾ ਦੇ ਪਹਿਲੇ ਮੈਂਬਰਾਂ ਵਿਚੋਂ ਸਨ | ਸਭਾ ਨੂੰ ਪੈਰਾਂ ਸਿਰ ਕਰਨ ਵਿਚ ਭਰਪੂਰ ਯੋਗਦਾਨ ਪਾਇਆ ਸੀ | ਰਾਮ ਸਿੰਘ ਬੀਹਲਾ ਦੇ ਨਾਵਲ 'ਧੀਆਂ ਬਾਝ ਹਨੇਰਾ' ਉੱਪਰ ਡਾ. ਰਾਮ ਪਾਲ ਸ਼ਾਹਪੁਰੀ ਨੇ ਪੇਪਰ ਪੜ੍ਹਦਿਆਂ ਕਿਹਾ ਕਿ ਇਹ ਨਾਵਲ ਟੁੱਟ ਰਹੇ ਰਿਸ਼ਤਿਆਂ ਨੂੰ ਜੋੜਦਾ ਹੈ ਅਤੇ ਇਸ ਵਿਚ ਧੀਆਂ ਦਾ ਆਪਣੇ ਬਾਪ ਨਾਲ ਮੋਹ ਦਾ ਰਿਸ਼ਤਾ ਦਿਖਾਇਆ ਹੈ | ਪੇਪਰ ਉੱਤੇ ਬਹਿਸ ਦਾ ਆਰੰਭ ਕਰਦਿਆਂ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਨਾਵਲ ਦਾ ਵਿਸ਼ਾ ਅਜੋਕੇ ਸਮੇਂ ਵਿਚ ਸਮਾਜ ਦੀ ਲੋੜ ਹੈ | ਕਹਾਣੀਕਾਰ ਜਗਤਾਰ ਬੈਂਸ ਨੇ ਨਾਵਲ ਦੀ ਹਰ ਪੱਖੋਂ ਸਰਾਹਨਾ ਕੀਤੀ | ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਪਹਿਲਾ ਨਾਵਲ ਹੋਣ ਕਰ ਕੇ ਤਕਨੀਕੀ ਪੱਖ ਤੋਂ ਵਿਚਾਰੇ ਜਾਣ ਦੀ ਲੋੜ ਹੈ ਪਰ ਇਸ ਵਿਚ ਮਲਵਈ ਭਾਸ਼ਾ ਤੇ ਸਭਿਆਚਾਰ ਨੂੰ ਸਹੀ ਤਰੀਕੇ ਨਾਲ ਫੜਿਆ ਹੈ | ਤੇਜਾ ਸਿੰਘ ਤਿਲਕ ਨੇ ਨਾਵਲ ਦੇ ਸਮਾਜਿਕ ਪੱਖ ਬਾਰੇ ਗੱਲ ਕਰਦਿਆਂ ਕਿਹਾ ਕਿ ਧੀਆਂ ਦਾ ਆਪਣੇ ਬਜ਼ੁਰਗ ਬਾਪ ਦਾ ਖ਼ਿਆਲ ਰੱਖਣ ਦੇ ਨਾਲ ਧੀਆਂ ਦੀ ਅਹਿਮੀਅਤ ਬਾਰੇ ਦੱਸਿਆ ਗਿਆ ਹੈ | ਨਾਵਲਕਾਰ ਰਾਮ ਸਿੰਘ ਬੀਹਲਾ ਨੇ ਨਾਵਲ ਬਾਰੇ ਆਏ ਸੁਝਾਵਾਂ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹੋਏ ਧੰਨਵਾਦ ਕੀਤਾ | ਪਿ੍ੰ. ਇਕਬਾਲ ਕੌਰ ਉਦਾਸੀ ਨੇ ਨਾਵਲ ਦੀ ਗੋਸ਼ਟੀ ਨੂੰ ਸਮੇਟਦਿਆਂ ਕਿਹਾ ਕਿ ਪੁਸਤਕ ਛਪਣ ਤੋਂ ਪਹਿਲਾਂ ਇਸ ਦੇ ਖਰੜੇ 'ਤੇ ਬਹਿਸ ਹੋਣੀ ਜ਼ਰੂਰੀ ਹੈ ਤਾਂ ਕਿ ਉਸ ਨੂੰ ਚੰਗੀ ਤਰਾਂ ਘੋਖਿਆ ਜਾਵੇ | ਇਸ ਮੌਕੇ ਹਾਜ਼ਰ ਕਵੀਆਂ ਵਿਚੋਂ ਰਾਮ ਸਰੂਪ ਸ਼ਰਮਾ, ਪ੍ਰੋ. ਸਵਰਨਜੀਤ ਕੌਰ, ਰਜਿੰਦਰ ਸ਼ੌਂਕੀ, ਰਘਬੀਰ ਸਿੰਘ ਕੱਟੂ, ਹਾਕਮ ਸਿੰਘ ਰੂੜੇਕੇ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ | ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਪਵਨ ਪਰਿੰਦਾ ਨੇ ਬਾਖ਼ੂਬੀ ਨਾਲ ਕੀਤਾ | ਇਸ ਮੌਕੇ ਪੰਜਾਬੀ ਦੇ ਸਿੱਖ ਵਿਦਵਾਨ ਮਹਿੰਦਰ ਸਿੰਘ ਰਾਹੀ, ਮੇਜਰ ਸਿੰਘ ਸਹੌਰ, ਕਰਮਿੰਦਰ ਸਿੰਘ ਆਦਿ ਵੀ ਹਾਜ਼ਰ ਸਨ |