ਮਹਿਲ ਕਲਾਂ, 24 ਫਰਵਰੀ (ਅਵਤਾਰ ਸਿੰਘ ਅਣਖੀ)-ਸ਼ਹੀਦ ਸਰਦਾਰ ਸੇਵਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਠੀਕਰੀਵਾਲਾ ਦੇ ਇਕ ਬੇਹੱਦ ਮਿਹਨਤੀ ਅਤੇ ਹੋਣਹਾਰ ਵਿਦਿਆਰਥੀ ਮਨਜੋਤ ਸਿੰਘ ਨੇ ਜੇ.ਈ.ਈ. ਮੇਨ ਸੈਸ਼ਨ-ਇਕ 2026 ਦੀ ਪ੍ਰੀਖਿਆ ਵਿਚ ਸ਼ਾਨਦਾਰ ਅੰਕ ਹਾਸਲ ਕਰ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਪਿੰਡ ਕਲਾਲਾ ਦੇ ਵਸਨੀਕ ਅਤੇ ਪਿਤਾ ਗੁਰਦੀਪ ਸਿੰਘ ਦੇ ਸਪੁੱਤਰ ਮਨਜੋਤ ਸਿੰਘ ਨੇ ਇਸ ਵੱਕਾਰੀ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਵਿਚ 83.27 ਫ਼ੀਸਦੀ ਐਨ.ਟੀ.ਏ. ਸਕੋਰ ਪ੍ਰਾਪਤ ਕਰ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ | ਸਕੂਲ ਦੇ ਪਿ੍ੰਸੀਪਲ ਸ੍ਰੀ ਸਰਬਜੀਤ ਸਿੰਘ ਨੇ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਵੱਡੀ ਸਫਲਤਾ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉਸਾਰੂ ਸਹਿਯੋਗ ਸਦਕਾ ਸੰਭਵ ਹੋਈ ਹੈ, ਜਿਨ੍ਹਾਂ ਦੀ ਅਗਵਾਈ ਹੇਠ ਸਕੂਲ ਵਿਚ ਹੀ ਵਿਦਿਆਰਥੀਆਂ ਨੂੰ ਅਜਿਹੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵਿਸ਼ੇਸ਼ ਕੋਚਿੰਗ ਅਤੇ ਤਿਆਰੀ ਕਰਵਾਈ ਜਾਂਦੀ ਹੈ | ਉਨ੍ਹਾਂ ਨੇ ਮਨਜੋਤ ਦੀ ਇਸ ਉਪਲਬਧੀ ਦਾ ਸਿਹਰਾ ਜ਼ਿਲ੍ਹਾ ਸਿੱਖਿਆ ਅਫਸਰ (ਸ) ਸ੍ਰੀ ਸੁਨੀਤਇੰਦਰ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਬਰਜਿੰਦਰਪਾਲ ਸਿੰਘ ਦੀ ਯੋਗ ਰਹਿਨੁਮਾਈ ਅਤੇ ਸਕੂਲ ਦੇ ਸਮੂਹ ਮਿਹਨਤੀ ਅਧਿਆਪਕਾਂ ਦੀ ਅਣਥੱਕ ਮਿਹਨਤ ਸਿਰ ਬੰਨਿ੍ਹਆ | ਇਸ ਮੌਕੇ ਸਕੂਲ ਦੇ ਸ਼ਾਨਦਾਰ ਇਤਿਹਾਸ ਦਾ ਜ਼ਿਕਰ ਕਰਦਿਆਂ ਪਿ੍ੰਸੀਪਲ ਨੇ ਦੱਸਿਆ ਕਿ ਇਸ ਸੰਸਥਾ ਦੇ ਸਾਇੰਸ ਗਰੁੱਪ ਦਾ ਰਿਕਾਰਡ ਹਮੇਸ਼ਾ ਹੀ ਮਿਸਾਲੀ ਰਿਹਾ ਹੈ | ਸੈਸ਼ਨ 2012-13 ਵਿਚ ਵੀ ਇੱਥੋਂ ਦੀ ਇਕ ਵਿਦਿਆਰਥਣ ਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਪੂਰੇ ਪੰਜਾਬ ਵਿਚੋਂ 22ਵਾਂ ਸਥਾਨ ਹਾਸਿਲ ਕਰ ਕੇ ਸਕੂਲ ਦਾ ਮਾਣ ਵਧਾਇਆ ਸੀ | ਅੱਜ ਵੀ ਸਕੂਲ ਦੇ ਸਾਇੰਸ ਵਿੰਗ ਦੀਆਂ ਸਾਰੀਆਂ ਪੋਸਟਾਂ ਭਰੀਆਂ ਹੋਈਆਂ ਹਨ ਅਤੇ ਤਜਰਬੇਕਾਰ ਅਧਿਆਪਕ ਪੂਰੀ ਲਗਨ ਨਾਲ ਬੱਚਿਆਂ ਦੇ ਭਵਿੱਖ ਨੂੰ ਲਿਸ਼ਕਾਉਣ ਵਿਚ ਜੁਟੇ ਹੋਏ ਹਨ | ਮਨਜੋਤ ਸਿੰਘ ਦੀ ਇਸ ਜਿੱਤ ਨੇ ਜਿੱਥੇ ਸਕੂਲ ਵਿਚ ਜਸ਼ਨ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਉੱਥੇ ਹੀ ਦੂਜੇ ਵਿਦਿਆਰਥੀਆਂ ਲਈ ਵੀ ਇਹ ਇਕ ਵੱਡੀ ਪ੍ਰੇਰਨਾ ਸ੍ਰੋਤ ਬਣੀ ਹੈ |