21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਬਰਨਾਲਾ ਵਿਖੇ ਹੋ ਰਹੀ ਕਾਂਗਰਸ ਦੀ ਮਹਾਂ ਰੈਲੀ ਸੱਤਾ ਤਬਦੀਲੀ ਦਾ ਬੰਨ੍ਹ ਸਕੇਗੀ ਮੁੱਢ?

Ad Position 21
No active advertisement
ਅਜੀਤ ਡੈਸਕ 27-02-2026

ਕਾਂਗਰਸ ਵਲੋਂ 'ਮਨਰੇਗਾ ਬਚਾਓ ਸੰਗਰਾਮ' ਨਾਂਅ ਹੇਠ 28 ਨੂੰ ਕੀਤੀ ਜਾ ਰਹੀ ਰੈਲੀ • ਰਾਹੁਲ ਗਾਂਧੀ ਕਰਨਗੇ ਸ਼ਮੂਲੀਅਤ
ਬਰਨਾਲਾ, 26 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਮਾਲਵਾ ਦੇ ਕੇਂਦਰ ਬਿੰਦੂ ਅਤੇ ਸਿਆਸੀ ਪੱਖੋਂ ਅਹਿਮ ਮੰਨੇ ਜਾਂਦੇ ਜ਼ਿਲ੍ਹਾ ਬਰਨਾਲਾ ਵਿਚ ਕਾਂਗਰਸ ਪਾਰਟੀ ਵਲੋਂ 28 ਫਰਵਰੀ ਨੂੰ 'ਮਨਰੇਗਾ ਬਚਾਓ ਸੰਗਰਾਮ' ਦੇ ਨਾਂਅ ਹੇਠ ਇਕ ਵਿਸ਼ਾਲ ਮਹਾਂ ਰੈਲੀ ਕੀਤੀ ਜਾ ਰਹੀ ਹੈ ਅਤੇ ਇਸ ਰੈਲੀ ਵਿਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਭਾਵੇਂਕਿ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਇਸ ਰੈਲੀ ਵਿਚ ਮਨਰੇਗਾ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਪੰਜਾਬ ਦੇ ਲੋਕਾਂ ਵਲੋਂ ਰੈਲੀ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸ਼ਕਤੀ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ | ਪੰਜਾਬ ਦੀ ਸਿਆਸਤ ਵਿਚ ਕਹਾਵਤ ਹੈ ਕਿ 'ਸੱਤਾ ਦਾ ਰਾਹ ਮਾਲਵੇ ਵਿਚੋਂ ਹੋ ਕੇ ਗੁਜ਼ਰਦਾ ਹੈ |' ਇਸ ਲਈ ਮਾਲਵਾ ਖੇਤਰ ਜੋ ਕਿ ਕਿਸਾਨ ਤੇ ਮਜ਼ਦੂਰ ਅੰਦੋਲਨਾਂ ਦਾ ਵੀ ਹਮੇਸ਼ਾ ਤੋਂ ਕੇਂਦਰ ਰਿਹਾ ਹੈ, ਵਿਖੇ ਮੁੜ ਪੈਰ ਜਮਾਉਣ ਅਤੇ ਸੱਤਾ ਹਾਸਲ ਕਰਨ ਵਾਸਤੇ ਕਾਂਗਰਸ ਪਾਰਟੀ ਵਲੋਂ ਇਸ ਖੇਤਰ ਨੂੰ ਸਭ ਤੋਂ ਵਧੀਆ ਮੰਨਿਆ ਜਾ ਰਿਹਾ ਹੈ | ਇਸ ਰੈਲੀ ਨਾਲ ਕਾਂਗਰਸ ਵਲੋਂ ਨਾ ਕੇਵਲ ਆਪਣੇ ਵਰਕਰਾਂ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਵਾਂ ਜੋਸ਼ ਭਰਨ ਦਾ ਯਤਨ ਕੀਤਾ ਜਾ ਰਿਹਾ ਹੈ ਬਲਕਿ ਗ਼ਰੀਬ ਮਜ਼ਦੂਰਾਂ ਦੇ ਰੁਜ਼ਗਾਰ ਅਤੇ ਦਿਹਾੜੀ ਦੇ ਮੁੱਦੇ ਨੂੰ ਚੁੱਕ ਕੇ ਪੇਂਡੂ ਵੋਟ ਬੈਂਕ ਨੂੰ ਆਪਣੇ ਨਾਲ ਜੋੜਨ ਅਤੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਕੇ ਕਿਸਾਨੀ ਨੂੰ ਕਾਂਗਰਸ ਦੇ ਹੱਕ ਵਿਚ ਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ 2014 ਤੋਂ ਲੈ ਕੇ ਹੋਈਆਂ ਤਕਰੀਬਨ ਸਾਰੀਆਂ ਹੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਮਾਲਵਾ ਖੇਤਰ ਦੇ ਲਗਭਗ ਸਾਰੇ ਜ਼ਿਲਿ੍ਹਆਂ ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਵੱਡੇ ਝਟਕੇ ਦੇ ਕੇ ਸੱਤਾ ਹਾਸਲ ਕੀਤੀ ਹੈ | ਪਰ 2024 ਦੀ ਬਰਨਾਲਾ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਗੜ੍ਹ ਵਿਚ ਕਾਂਗਰਸ ਦੀ ਹੋਈ ਜਿੱਤ ਨੇ ਪਾਰਟੀ ਵਰਕਰਾਂ ਵਿਚ ਇਕ ਨਵਾਂ ਉਤਸ਼ਾਹ ਭਰ ਦਿੱਤਾ ਅਤੇ ਪਾਰਟੀ ਜਿੱਤ ਦੀ ਇਸੇ ਲੈਅ ਨੂੰ ਬਰਕਰਾਰ ਰੱਖਣ ਲਈ ਬਰਨਾਲਾ ਵਿਚ ਇਹ ਰੈਲੀ ਕਰ ਰਹੀ ਹੈ | ਇਸੇ ਕਾਰਨ ਕਾਂਗਰਸ ਦੇ ਸੀਨੀਅਰ ਆਗੂਆਂ ਵਲੋਂ ਇਸ ਰੈਲੀ ਨੂੰ ਪੰਜਾਬ ਵਿਚ 'ਸੱਤਾ ਤਬਦੀਲੀ' ਦਾ ਨਾਮ ਦੇ ਕੇ ਵੱਡਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਦੂਸਰੇ ਪਾਸੇ ਇਹ ਵੀ ਦੇਖਣਯੋਗ ਹੋਵੇਗਾ ਕਿ ਕੀ ਇਹ ਰੈਲੀ ਪਾਰਟੀ ਦੇ ਸੀਨੀਅਰ ਆਗੂਆਂ ਵਿਚਾਲੇ ਪਿਛਲੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਨੂੰ ਵੀ ਖ਼ਤਮ ਕਰ ਸਕੇਗੀ | ਇਸ ਲਈ ਜੇਕਰ ਇਸ ਰੈਲੀ ਰਾਹੀਂ ਪਾਰਟੀ ਹਾਈਕਮਾਂਡ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਨਿੱਜੀ ਗਿਲੇ ਸ਼ਿਕਵੇ ਦੂਰ ਕਰਵਾ ਕੇ ਵਰਕਰਾਂ ਵਿਚ ਨਵਾਂ ਜੋਸ਼ ਭਰਨ ਵਿਚ ਕਾਮਯਾਬ ਹੁੰਦੀ ਹੈ ਤਾਂ ਹੋ ਸਕਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਲਈ ਮੁੜ ਸੱਤਾ ਹਾਸਲ ਕਰਨ ਦਾ ਰਾਹ ਆਸਾਨ ਹੋ ਜਾਵੇ | ਇਸ ਲਈ ਸਿਆਸੀ ਹਲਕਿਆਂ, ਰਾਜਨੀਤਕ ਮਾਹਿਰਾਂ ਸਮੇਤ ਸਾਰਿਆਂ ਦੀ ਇਸ ਰੈਲੀ ਉੱਪਰ ਪੂਰੀ ਨਜ਼ਰ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਭਾਣਜੀ ਨੂੰ ਬਚਾਉਣ ਲਈ ਕੁੱਦੇ 'ਮਾਮੇ' ਦੀ ਨਹਿਰ 'ਚ ਡੁੱਬਣ ਕਾਰਨ ਮੌਤ ਅਗਲੀ ਖ਼ਬਰ ¸ਮਾਮਲਾ ਬੰਦ ਪਏ ਬਲੱਡ ਬੈਂਕ ਦਾ¸ ਭਾਜਪਾ ਆਗੂਆਂ ਵਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਰੋਸ ਪ੍ਰਦਰਸ਼ਨ
Ad Position 24