ਬਰਨਾਲਾ, 7 ਮਾਰਚ (ਨਰਿੰਦਰ ਅਰੋੜਾ)-ਆਸ਼ਾ ਵਰਕਰਜ਼ ਅਤੇ ਆਸ਼ਾ ਫੈਸੀਲੀਟੇਟਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੰਗ-ਪੱਤਰ ਦਿੱਤਾ ਗਿਆ | ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ, ਜਨਰਲ ਸਕੱਤਰ ਸ਼ਿੰਦਰਪਾਲ ਕੌਰ, ਜ਼ਿਲ੍ਹਾ ਪ੍ਰਧਾਨ ਪਵਨਪ੍ਰੀਤ ਕੌਰ ਆਦਿ ਨੇ ਦੱਸਿਆ ਕਿ ਅਸੀਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ | ਸਾਡੇ ਵਲੋਂ ਘਰ-ਘਰ ਜਾ ਕੇ ਹਰ ਪਰਿਵਾਰ, ਹਰ ਵਰਗ ਤੱਕ ਸਿਹਤ ਸਹੂਲਤਾਂ, ਸਿਹਤ ਸਕੀਮਾਂ ਪਹੁੰਚਾਈਆਂ ਜਾਂਦੀਆਂ ਹਨ | ਪਰ ਸਾਡੇ ਖ਼ੁਦ ਦੇ ਹੱਥ ਬਿਲਕੁਲ ਖ਼ਾਲੀ ਹਨ | ਸਾਡੇ ਪੱਲੇ ਕੁੱਝ ਵੀ ਨਹੀਂ ਪੈਂਦਾ | ਐਨੀ ਮਹਿੰਗਾਈ ਦੇ ਵਿਚ 2500 ਰੁਪਏ ਮਹੀਨੇ (ਆਨਰੇਰੀਅਮ) ਨਾਲ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੀ ਨਹੀਂ, ਨਾਮੁਮਕਨ ਹੈ ਅਤੇ ਦੂਜੇ ਪਾਸੇ ਭਾਰਤ ਸਰਕਾਰ ਵਲੋਂ ਸਾਡੇ ਅਹਿਮ ਇੰਨਸੈਂਟਿਵ ਜੱਚਾ ਬੱਚਾ ਦੀ ਦੇਖਭਾਲ ਆਦਿ ਕੱਟ ਲਏ ਗਏ ਹਨ | 'ਆਪ' ਵਲੋਂ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰਾਂ ਨੂੰ ਗਰੰਟੀ ਦਿੱਤੀ ਸੀ ਕਿ ਪੋ੍ਰਤਸਾਹਿਤ ਰਾਸ਼ੀ ਅਤੇ ਆਨਰੇਰੀਅਮ ਡਬਲ ਕੀਤਾ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਸਾਡਾ ਮਿਨੀਅਮ ਵੇਜ ਅਨੁਸਾਰ 24000 ਰੁਪਏ ਤਨਖ਼ਾਹ ਅਤੇ ਦਰਜਾਚਾਰ ਦਾ ਗਰੇਡ ਦਿੱਤਾ ਜਾਵੇ, ਈ.ਪੀ.ਐਫ. ਦੀ ਸਹੂਲਤ ਵੀ ਲਾਗੂ ਕੀਤੀ ਜਾਵੇ ਆਦਿ ਸਾਡੀਆਂ ਮੱੁਖ ਮੰਗਾਂ ਹਨ | ਅੱਜ ਸਾਡੇ ਵਲੋਂ ਮੱੁਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ, ਪਿ੍ੰਸੀਪਲ ਸਕੱਤਰ ਪੰਜਾਬ, ਸਿਹਤ ਵਿਭਾਗ, ਸਕੱਤਰ ਡਾਇਰੈਕਟਰ ਸਿਹਤ ਅਤੇ ਐਮ.ਡੀ.ਐਨ.ਐਚ.ਐਮ. ਚੰਡੀਗੜ੍ਹਦੇ ਨਾਂਅ ਮੰਗ-ਪੱਤਰ ਭੇਜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਾਡੇ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਮਨਜੀਤ ਕੌਰ, ਜਸਵਿੰਦਰ ਕੌਰ, ਸਿਮਰਜੀਤ ਕੌਰ, ਗੁਰਜੀਤ ਕੌਰ, ਪ੍ਰਵੀਨ ਕੌਰ, ਜਸਵੀਰ ਕੌਰ, ਕਰਮਜੀਤ ਕੌਰ, ਅਮਰਜੀਤ ਕੌਰ ਆਦਿ ਹਾਜ਼ਰ ਸਨ |