ਮਹਿਲ ਕਲਾਂ, 8 ਮਾਰਚ (ਅਵਤਾਰ ਸਿੰਘ ਅਣਖੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ 10 ਮਾਰਚ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਕਿਸਾਨ ਮਹਾਂ ਪੰਚਾਇਤ ਨੂੰ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ ਗਿੱਲ) ਬਲਾਕ ਮਹਿਲ ਕਲਾਂ ਦੀ ਇਕੱਤਰਤਾ ਇਤਿਹਾਸਕ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਮਹਿਲ ਕਲਾਂ ਵਿਖੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਮਹਿਲ ਖ਼ੁਰਦ ਦੀ ਅਗਵਾਈ ਹੇਠ ਹੋਈ | ਇਸ ਮੌਕੇ ਜਥੇਬੰਦੀ ਦੇ ਸੂਬਾ ਪੈੱ੍ਰਸ ਸਕੱਤਰ ਇੰਦਰਜੀਤ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਮਲਕੀਤ ਸਿੰਘ ਈਨਾ, ਮੀਤ ਪ੍ਰਧਾਨ ਅਮਰਜੀਤ ਸਿੰਘ ਠੁੱਲੀਵਾਲ ਨੇ ਕਿਸਾਨਾਂ, ਮਜ਼ਦੂਰਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲਾਮਬੰਦ ਹੋਣ ਜਾ ਸੱਦਾ ਦਿੰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ 10 ਮਾਰਚ ਨੂੰ ਬਰਨਾਲਾ ਵਿਖੇ ਕਿਸਾਨ ਮਹਾਂ ਪੰਚਾਇਤ ਕਰਵਾਉਣ ਦਾ ਮੁੱਖ ਮਨੋਰਥ ਕਿਸਾਨਾਂ ਅਤੇ ਖੇਤੀ ਨਾਲ ਜੁੜੇ ਵਰਗਾਂ ਦੇ ਅਹਿਮ ਮਸਲਿਆਂ ਨੂੰ ਜ਼ੋਰਦਾਰ ਢੰਗ ਨਾਲ ਉਭਾਰਨਾ ਹੈ | ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਤੋਂ ਖੇਤੀ ਅਤੇ ਖੇਤੀ ਸਹਾਇਕ ਧੰਦਿਆਂ ਨੂੰ ਬਾਹਰ ਰੱਖਣ, ਪਾਣੀ ਦੀ ਵੰਡ ਰਿਪੇਰੀਅਨ ਸਿਧਾਂਤ ਦੇ ਆਧਾਰ 'ਤੇ ਕਰਨ, ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ ਰੱਦ ਕਰਨ ਸਮੇਤ ਕਣਕ-ਝੋਨੇ ਵਾਂਗ ਹੋਰ ਫ਼ਸਲਾਂ ਦੀ ਐਮ.ਐੱਸ.ਪੀ. 'ਤੇ ਖਰੀਦ ਲਈ ਗਰੰਟੀ ਕਾਨੂੰਨ ਬਣਾਉਣ ਅਤੇ ਡਾ. ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਫ਼ਸਲਾਂ ਦੇ ਭਾਅ ਲਾਗੂ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸਾਨ ਮਹਾਂ ਪੰਚਾਇਤ ਨੂੰ ਸਫਲ ਬਣਾਉਣ ਲਈ ਬਲਾਕ ਮਹਿਲ ਕਲਾਂ ਦੇ ਪਿੰਡਾਂ ਤੋਂ 300 ਦੇ ਕਰੀਬ ਵਰਕਰ ਕਾਫ਼ਲੇ ਬੰਨ੍ਹਕੇ ਸ਼ਮੂਲੀਅਤ ਕਰਨਗੇ | ਇਸ ਮੌਕੇ ਦਰਸ਼ਨ ਸਿੰਘ ਮਹਿਲ ਕਲਾਂ, ਅਵਤਾਰ ਸਿੰਘ ਗਿੱਲ, ਅੰਗਰੇਜ਼ ਸਿੰਘ ਰਾਏਸਰ, ਬਿੰਦਰ ਸਿੰਘ ਗੰਗੋਹਰ, ਜਰਨੈਲ ਸਿੰਘ ਰਾਏਸਰ, ਬਾਵਾ ਸਿੰਘ ਛਾਪਾ, ਹਰਪਿੰਦਰਪਾਲ ਸਿੰਘ ਮੂੰਮ, ਕਰਨੈਲ ਸਿੰਘ ਰਾਏਸਰ, ਭਿੰਦਾ ਸਿੰਘ ਮੂੰਮ, ਬੇਅੰਤ ਸਿੰਘ ਸਹਿਜੜਾ, ਦਲਜੀਤ ਸਿੰਘ ਮਹਿਲ ਖੁਰਦ, ਨਰਿੰਦਰ ਸਿੰਘ ਕਿਰਪਾਲ ਸਿੰਘ ਵਾਲਾ ਆਦਿ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ 10 ਮਾਰਚ ਨੂੰ ਬਰਨਾਲਾ ਕਿਸਾਨ ਮਹਾਂ ਪੰਚਾਇਤ ਵਿਚ ਵਰਕਰਾਂ ਦੀ ਭਰਵੀਂ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ |