ਬਠਿੰਡਾ, 8 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੇ ਸੀ.ਆਈ.ਏ. ਸਟਾਫ-1 ਨੇ ਪਿੰਡ ਭਾਗੀਵਾਂਦਰ ਦੇ ਦਰਸ਼ਨ ਸਿੰਘ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇਸ ਮਾਮਲੇ 'ਚ ਮਿ੍ਤਕ ਦੇ ਸਕੇ ਭਤੀਜੇ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਨੇ ਜ਼ਮੀਨੀ ਰੌਲੇ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ | ਪੁਲਿਸ ਨੇ ਉਸ ਨੂੰ ਥਾਣਾ ਤਲਵੰਡੀ ਸਾਬੋ 'ਚ ਪਹਿਲਾਂ ਤੋਂ ਦਰਜ ਮੁਕੱਦਮੇ 'ਚ ਨਾਮਜ਼ਦ ਕਰ ਦਿੱਤਾ ਹੈ | ਇਸ ਸਬੰਧੀ ਸੀ.ਆਈ.ਏ. ਸਟਾਫ-1 ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 18/19 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਭਾਗੀਵਾਂਦਰ ਤੋਂ ਪਿੰਡ ਜੀਵਨ ਸਿੰਘ ਵਾਲਾ ਨੂੰ ਜਾਂਦੇ ਰਸਤੇ ਦੇ ਖੇਤਾਂ 'ਚੋਂ ਪਿੰਡ ਭਾਗੀਵਾਂਦਰ ਦੇ ਦਰਸ਼ਨ ਸਿੰਘ (50) ਦੀ ਲਾਸ਼ ਮਿਲੀ ਸੀ, ਜਿਸ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਹੋਣ ਕਰਕੇ ਪਰਿਵਾਰ ਨੇ ਕਤਲ ਦੀ ਸ਼ੰਕਾ ਪ੍ਰਗਟ ਕੀਤੀ ਸੀ | ਉਨ੍ਹਾਂ ਕਿਹਾ ਕਿ ਮੁੱਢਲੇ ਤੌਰ 'ਤੇ ਇਸ ਸਬੰਧੀ ਥਾਣਾ ਤਲਵੰਡੀ ਸਾਬੋ 'ਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਬਾਅਦ ਮਾਮਲੇ ਦੀ ਜਾਂਚ ਸੀ.ਆਈ.ਏ. ਸਟਾਫ-1 ਨੂੰ ਸੌਂਪੀ ਗਈ ਤੇ ਸਟਾਫ਼ ਦੀ ਟੀਮ ਨੇ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਇਸ ਮਾਮਲੇ 'ਚ ਮਿ੍ਤਕ ਦਰਸ਼ਨ ਸਿੰਘ ਦੇ ਸਕੇ ਭਤੀਜੇ ਗੁਰਦੀਪ ਸਿੰਘ ਵਾਸੀ ਭਾਗੀਵਾਂਦਰ ਨੂੰ ਨਾਮਜ਼ਦ ਕਰਦਿਆਂ ਗਿ੍ਫ਼ਤਾਰ ਕੀਤਾ ਹੈ ਤੇ ਉਸ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਕੁਹਾੜੀ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੇ ਇਹ ਕਤਲ ਜੱਦੀ ਘਰੇਲੂ ਜ਼ਮੀਨ ਦੇ ਝਗੜੇ ਦੀ ਰੰਜਿਸ਼ ਨੂੰ ਲੈ ਕੇ ਕੀਤਾ ਹੈ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਹੋਰ ਪੁੱਛ-ਗਿੱਛ ਲਈ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ |