ਮੌੜ ਮੰਡੀ, 8 ਮਾਰਚ (ਗੁਰਜੀਤ ਸਿੰਘ ਕਮਾਲੂ)-ਮੌੜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੇ ਬਜਟ ਵਿਚ ਸਰਕਾਰ ਵਲੋਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਜੋ ਐਲਾਨ ਕੀਤਾ ਗਿਆ ਉਹ ਉਨ੍ਹਾਂ ਨਾਲ ਸਰਾਸਰ ਧੋਖਾ ਹੈ ਕਿਉਂਕਿ ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰਕੇ ਹੀ ਇਹ ਸਰਕਾਰ ਸੱਤਾ ਵਿਚ ਆਈ ਸੀ ਪ੍ਰੰਤੂ ਪਿਛਲੇ ਚਾਰ ਸਾਲ ਸਿਰਫ਼ ਲਾਰੇ ਲਗਾਏ ਗਏ | ਇਸ ਲਈ ਸਰਕਾਰ ਨੂੰ ਚਾਹੀਦਾ ਸੀ ਕਿ ਹਜ਼ਾਰ ਰੁਪਏ ਦੇਣ ਦਾ ਐਲਾਨ ਕਰਨ ਤੋਂ ਪਹਿਲਾਂ ਪਿਛਲੇ ਚਾਰ ਸਾਲਾਂ ਦਾ 48 ਹਜ਼ਾਰ ਬਕਾਇਆ ਵੀ ਉਨ੍ਹਾਂ ਦੇ ਖਾਤਿਆਂ ਵਿਚ ਪਾਇਆ ਜਾਵੇ | ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਸਰਕਾਰ ਦੇ ਅਖੀਰਲੇ ਮਹੀਨਿਆਂ ਵਿਚ ਇਕ ਹਜ਼ਾਰ ਰੁਪਏ ਦੇ ਕੇ ਭਗਵੰਤ ਮਾਨ ਉਨ੍ਹਾਂ ਦੀਆਂ ਵੋਟਾਂ ਲੈਣਾ ਚਾਹੁੰਦਾ ਹੈ ਇਸ ਲਈ ਆਮ ਆਦਮੀ ਪਾਰਟੀ ਨੂੰ ਵੋਟਾਂ ਨਾਲ ਪਾਉਣ | ਮੈਡੀਕਲ ਕਾਲਜਾਂ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਹਰ ਇਕ ਬਜਟ ਵਿਚ ਸਰਕਾਰ ਮੈਡੀਕਲ ਕਾਲਜਾਂ ਬਾਰੇ ਗੱਲ ਕਰਦੀ ਹੈ ਪ੍ਰੰਤੂ ਜੋ ਸੰਗਰੂਰ ਵਿਖੇ ਪਹਿਲਾ ਮੈਡੀਕਲ ਕਾਲਜ ਬਣਨਾ ਸੀ ਅਜੇ ਤੱਕ ਉਸ ਦੇ ਲਈ ਇਕ ਇੱਟ ਤੱਕ ਨਹੀ ਲਗਾਈ ਗਈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਬਜਟ ਲੋਕਾਂ ਦੇ ਪੱਖ ਤੋਂ ਨਿਰਾਸ਼ਾ ਦੇਣ ਵਾਲਾ ਬਜਟ ਹੈ |