ਭਦੌੜ, 11 ਮਾਰਚ (ਰਜਿੰਦਰ ਬੱਤਾ, ਵਿਨੋਦ ਕਲਸੀ)-ਸਿਵਲ ਸਰਜਨ ਬਰਨਾਲਾ ਡਾ: ਹਰੀਪਾਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਡਿਪਟੀ ਮੈਡੀਕਲ ਕਮਿਸ਼ਨਰ ਡਾ: ਗੁਰਮਿੰਦਰ ਕੌਰ ਔਜਲਾ ਵਲੋਂ ਸੀ.ਐੱਚ.ਸੀ. ਭਦੌੜ ਦਾ ਅਚਨਚੇਤ ਦੌਰਾ ਕੀਤਾ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਓਟ ਕਲੀਨਿਕ ਦੀ ਚੈਕਿੰਗ ਕੀਤੀ | ਡਾ: ਗੁਰਮਿੰਦਰ ਕੌਰ ਔਜਲਾ ਨੇ ਮੈਡੀਕਲ ਅਫ਼ਸਰ ਡਾ: ਬਾਂਕੇ ਬਿਹਾਰੀ ਤੇ ਮੌਜੂਦਾ ਸਟਾਫ਼ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮੁਫ਼ਤ ਇਲਾਜ ਕਰਨਾ ਯਕੀਨੀ ਬਣਾਇਆ ਜਾਵੇ | ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਲੋੜਵੰਦ ਤੇ ਯੋਗ ਵਰਗ ਨੂੰ ਮਿਲਣ ਵਾਲੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਵੱਧ ਤੋਂ ਵੱਧ ਕਾਰਡ ਬਣਾਉਣ ਤੇ ਹੋਰ ਵੱਖ-ਵੱਖ ਯੋਜਨਾਵਾਂ ਬਾਰੇ ਵੀ ਜਾਗਰੂਕ ਕੀਤਾ ਜਾਵੇ | ਉਨ੍ਹਾਂ ਹਸਪਤਾਲ ਵਿਚ ਦਵਾਈਆਂ ਅਤੇ ਡਿਸਪੈਸਿੰਗ ਮੈਡੀਸਨ ਦਾ ਕੰਮ ਤੇ ਤਸੱਲੀ ਪ੍ਰਗਟ ਕੀਤੀ ਅਤੇ 108 ਐਂਬੂਲੈਂਸ ਦੀ ਚੈਕਿੰਗ ਕਰਨ ਉਪਰੰਤ ਉਸ ਦੀਆਂ ਘਾਟਾਂ ਇੱਕ ਹਫ਼ਤੇ ਅੰਦਰ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ |