ਧਨੌਲਾ, 12 ਮਾਰਚ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਡਿਸਲੇਕਸੀਆ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਕੋਆਰਡੀਨੇਟਰ ਸੰਦੀਪ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਡਿਸਲੇਕਸੀਆ ਕੀ ਹੈ? ਅਤੇ ਇਹ ਕਿਉਂ ਹੁੰਦਾ ਹੈ? ਡਿਸਲੇਕਸੀਆ ਇਕ ਸਿੱਖਣ ਦੀ ਸਮੱਸਿਆ ਹੈ ਜਿਸ ਵਿਚ ਬੱਚੇ ਜਾਂ ਵਿਅਕਤੀ ਨੂੰ ਪੜ੍ਹਨ, ਲਿਖਣ ਅਤੇ ਸਪੈਲਿੰਗ ਵਿਚ ਮੁਸ਼ਕਲ ਆਉਂਦੀ ਹੈ | ਇਹ ਬੁੱਧੀ ਘੱਟ ਹੋਣ ਕਰ ਕੇ ਨਹੀਂ ਹੁੰਦੀ, ਸਗੋਂ ਦਿਮਾਗ਼ ਸ਼ਬਦਾਂ ਨੂੰ ਪ੍ਰੋਸੈੱਸ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ ਅਤੇ ਜਨਮ ਤੋਂ ਦਿਮਾਗ਼ ਦੀ ਭਾਸ਼ਾਈ ਪ੍ਰਕਿਰਿਆ ਵਿਚ ਅੰਤਰ ਹੋਣ ਕਰ ਕੇ ਪਰਿਵਾਰ ਵਿਚ ਪਹਿਲਾਂ ਕਿਸੇ ਨੂੰ ਹੋਣਾ ਇਹ ਬਿਮਾਰੀ ਨਹੀਂ, ਸਿੱਖਣ ਦਾ ਅਲੱਗ ਢੰਗ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਡਿਸਲੇਕਸੀਆ ਦੇ ਲੱਛਣਾਂ ਬਾਰੇ ਵੀ ਜਾਣਕਾਰੀ ਦਿੱਤੀ | ਜਿਵੇਂ ਕਿ ਅੱਖਰਾਂ ਨੂੰ ਗ਼ਲਤ ਪੜ੍ਹਨਾ ਜਾਂ ਉਲਟ ਪੜ੍ਹਨਾ, ਸ਼ਬਦਾਂ ਦੇ ਸਪੈਲਿੰਗ ਵਾਰ-ਵਾਰ ਗ਼ਲਤ ਕਰਨਾ, ਹੌਲੀ ਪੜ੍ਹਨਾ, ਲਿਖਦੇ ਸਮੇਂ ਅੱਖਰ ਛੱਡ ਦੇਣਾ ਜਾਂ ਬਦਲ ਦੇਣਾ ਅਤੇ ਕਵਿਤਾ ਜਾਂ ਪਾਠ ਯਾਦ ਕਰਨ ਵਿਚ ਦਿੱਕਤ ਆਉਣਾ | ਅਧਿਆਪਕ ਅਤੇ ਮਾਪੇ ਡਿਸਲੇਕਸੀਆ ਦੀ ਸਮੱਸਿਆ ਨੂੰ ਕਿਵੇਂ ਹੱਲ ਕਰ ਸਕਦੇ ਹਨ? ਜਿਵੇਂ ਕਿ ਬੱਚੇ ਨੂੰ ਡਾਂਟਣ ਦੀ ਬਜਾਏ ਹੌਸਲਾ ਦੇਣਾ, ਛੋਟੇ-ਛੋਟੇ ਹਿੱਸਿਆਂ ਵਿਚ ਪਾਠ ਪੜ੍ਹਾਉਣਾ, ਆਵਾਜ਼ ਨਾਲ ਪੜ੍ਹਨ ਦੀ ਪ੍ਰੈਕਟਿਸ ਕਰਵਾਉਣਾ, ਰੰਗੀਨ ਚਾਰਟ ਅਤੇ ਤਸਵੀਰਾਂ ਦੀ ਵਰਤੋਂ ਕਰ ਕੇ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ | ਇਸ ਮੌਕੇ ਚੇਅਰਮੈਨ ਸ: ਸੁਖਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਡਿਸਲੇਕਸੀਆ ਇਕ ਸਿੱਖਣ ਨਾਲ ਸਬੰਧਿਤ ਸਮੱਸਿਆ ਹੈ, ਜਿਸ ਵਿਚ ਬੱਚੇ ਨੂੰ ਪੜ੍ਹਨ, ਲਿਖਣ ਜਾਂ ਅੱਖਰਾਂ ਨੂੰ ਸਮਝਣ ਵਿਚ ਮੁਸ਼ਕਿਲ ਆਉਂਦੀ ਹੈ | ਇਹ ਬਿਮਾਰੀ ਨਹੀਂ ਹੈ, ਪਰ ਦਿਮਾਗ਼ ਦੇ ਕੰਮ ਕਰਨ ਦੇ ਤਰੀਕੇ ਨਾਲ ਜੁੜੀ ਹੁੰਦੀ ਹੈ ਅਤੇ ਉਨ੍ਹਾਂ ਕਿਹਾ ਕਿ ਡਿਸਲੇਕਸੀਆ ਵਾਲੇ ਬੱਚੇ ਬਹੁਤ ਹੀ ਰਚਨਾਤਮਿਕ ਅਤੇ ਹੁਸ਼ਿਆਰ ਹੁੰਦੇ ਹਨ |