ਯਮੁਨਾਨਗਰ, 12 ਮਾਰਚ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਦੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ, ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਅਤੇ ਸਾਂਝਾ ਰੇਡੀਓ ਦੇ ਸਾਂਝੇ ਪ੍ਰਬੰਧ ਹੇਠ ਰੇਡੀਓ ਜੌਕੀਜ਼ 'ਚ ਉੱਦਮੀ ਸੋਚ ਅਤੇ ਸਟਾਰਟਅੱਪ ਮਾਨਸਿਕਤਾ ਦੇ ਵਿਕਾਸ ਵਿਸ਼ੇ 'ਤੇ ਇਕ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ | ਇਸ ਦੌਰਾਨ ਸਾਂਝਾ ਰੇਡੀਓ ਦੇ ਚੇਅਰਮੈਨ ਡਾ. ਮਨਮੋਹਨ ਸਿੰਘ, ਆਰ. ਜੇ. ਰਣਜੀਤ ਕੌਰ, ਆਰ. ਜੇ. ਗੁਰਪ੍ਰੀਤ ਕੌਰ ਨੇ ਮੁੱਖ ਬੁਲਾਰਿਆਂ ਵਜੋਂ ਪ੍ਰੋਗਰਾਮ 'ਚ ਸ਼ਿਰਕਤ ਕੀਤੀ, ਜਦਕਿ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ, ਆਈ. ਆਈ. ਸੀ. ਕਨਵੀਨਰ ਵਿਵੇਕ ਅਤੇ ਜਨ ਸੰਚਾਰ ਵਿਭਾਗ ਦੇ ਮੁਖੀ ਪਰਮੇਸ਼ ਕੁਮਾਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਸਮਾਜ ਸੇਵਿਕਾ ਮੀਨੂ ਚਾਸਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਇਸ ਮੌਕੇ ਸਾਂਝਾ ਰੇਡੀਓ ਦੇ ਚੇਅਰਮੈਨ ਨੇ ਕਿਹਾ ਕਿ ਰੇਡੀਓ ਜੌਕੀ ਤੋਂ ਇਲਾਵਾ ਰੇਡੀਓ ਕਰੀਅਰ ਦੇ ਬਹੁਤ ਸਾਰੇ ਮੌਕੇ ਪ੍ਰਦਾਨ ਕਰਦਾ ਹੈ, ਜਿਸ 'ਚ ਪ੍ਰੋਗਰਾਮ ਨਿਰਮਾਤਾ, ਸਕਿ੍ਪਟ ਲੇਖਕ, ਸਾਊਾਡ ਇੰਜੀਨੀਅਰ, ਸੰਪਾਦਕ ਅਤੇ ਸਮੱਗਰੀ ਨਿਰਮਾਤਾ ਸ਼ਾਮਿਲ ਹਨ | ਆਰ. ਜੇ. ਰਣਜੀਤ ਨੇ ਰੇਡੀਓ ਦੇ ਤਕਨੀਕੀ ਪਹਿਲੂਆਂ 'ਤੇ ਚਾਨਣਾ ਪਾਉਂਦਿਆਂ ਸੰਪਾਦਨ, ਟੀਜ਼ਰ ਬਣਾਉਣ ਅਤੇ ਆਵਾਜ਼ ਮੋਡਿਊਲੇਸ਼ਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਆਰ. ਜੇ. ਗੁਰਪ੍ਰੀਤ ਕੌਰ ਨੇ ਕਿਹਾ ਕਿ ਰੇਡੀਓ ਪ੍ਰੋਗਰਾਮ ਦੀ ਸਫਲਤਾ ਸਿਰਫ਼ ਆਵਾਜ਼ ਜਾਂ ਪੇਸ਼ਕਾਰੀ 'ਤੇ ਨਿਰਭਰ ਨਹੀਂ ਕਰਦੀ, ਸਗੋਂ ਚੰਗੀ ਤਰ੍ਹਾਂ ਯੋਜਨਾਬੱਧ ਪ੍ਰੋਗਰਾਮਿੰਗ ਅਤੇ ਟੀਮ ਵਰਕ 'ਤੇ ਨਿਰਭਰ ਕਰਦੀ ਹੈ | ਉਨ੍ਹਾਂ ਕਿਹਾ ਕਿ ਸਰੋਤਿਆਂ ਨੂੰ ਰੁਝੇ ਰੱਖਣ ਲਈ ਪ੍ਰੋਗਰਾਮ ਨੂੰ ਦਿਲਚਸਪ ਅਤੇ ਮਨੋਰੰਜਕ ਬਣਾਉਣਾ ਬਹੁਤ ਜ਼ਰੂਰੀ ਹੈ | ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮਮਤਾ ਥਾਪਰ, ਮੋਨਿਕਾ ਸੇਠੀ, ਨੇਹਾ ਅਤੇ ਪਾਇਲ ਨੇ ਯੋਗਦਾਨ ਪਾਇਆ | ਇਸ ਮੌਕੇ ਰੇਡੀਓ ਜੌਕੀ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ |