ਤਪਾ ਮੰਡੀ, 28 ਮਾਰਚ (ਪ੍ਰਵੀਨ ਗਰਗ)-ਇਲਾਕੇ ਦੀ ਮੰਡੀ ਵਿਚ ਨਵੀਂ ਸਰੋਂ ਦੀ ਆਮਦ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ | ਭਾਵੇਂ ਪੰਜਾਬ ਦੀਆਂ ਦਾਣਾ ਮੰਡੀਆਂ ਵਿਚ ਸਰੋਂ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਵਾਰ ਵੀ ਕਿਸਾਨਾਂ ਨੂੰ ਵਧੀਆ ਰੇਟ ਮਿਲ ਰਹੇ ਹਨ | ਅੰਤਰਰਾਸ਼ਟਰੀ ਹਾਲਾਤਾਂ-ਖਾਸ ਕਰ ਕੇ ਅਮਰੀਕਾ-ਇਰਾਨ ਤਣਾਅ-ਕਾਰਨ ਵਿਦੇਸ਼ਾਂ ਤੋਂ ਖਾਣ ਵਾਲੇ ਤੇਲ ਦੀ ਆਮਦ ਘੱਟ ਹੋਈ ਹੈ, ਜਿਸ ਦਾ ਸਿੱਧਾ ਲਾਭ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਿਹਾ ਹੈ | ਇਸ ਵੇਲੇ ਮੰਡੀਆਂ ਵਿਚ ਸਰੋਂ ਦਾ ਭਾਅ ਲਗਭਗ 6200 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਹੈ | ਕਿਸਾਨਾਂ ਨੂੰ ਉਮੀਦ ਹੈ ਕਿ ਇਸ ਵਾਰੀ ਸਰੋਂ ਦੀ ਫ਼ਸਲ ਉਨ੍ਹਾਂ ਲਈ ਵਧੀਆ ਆਮਦਨ ਲਿਆਵੇਗੀ | ਇਸ ਸਬੰਧੀ ਗੱਲ ਕਰਦਿਆਂ ਕਿਸਾਨ ਬਲਵੀਰ ਸਿੰਘ ਵਾਸੀ ਸੇਖਾ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਏਕੜ ਵਿਚ ਸਰੋਂ ਦੀ ਬਿਜਾਈ ਕੀਤੀ ਸੀ | ਜਿਸ ਵਿਚੋਂ ਸਰੋਂ ਦੀ ਵਧੀਆ ਪੈਦਾਵਾਰ ਹੋਈ ਹੈ | ਉਨ੍ਹਾਂ ਕਿਹਾ ਕਿ ਇਹ ਫ਼ਸਲ ਬਾਜ਼ਾਰ ਵਿਚ ਕਰੀਬ 6100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿੱਕੀ ਹੈ, ਜਿਸ ਨੂੰ ਪ੍ਰਾਈਵੇਟ ਵਪਾਰੀਆਂ ਨੇ ਖ਼ਰੀਦਿਆ ਹੈ | ਉਨ੍ਹਾਂ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਵਾਰੀ ਵੀ ਸਰੋਂ ਦੀ ਫ਼ਸਲ ਉਨ੍ਹਾਂ ਦੀ ਮਿਹਨਤ ਦਾ ਵਧੀਆ ਮੁੱਲ ਦੇਵੇਗੀ | ਇਸ ਵਾਰ ਮੰਡੀ ਵਿਚ ਸਰੋਂ ਦੀ ਆਮਦ ਵੀ ਵੱਧ ਹੋਣ ਦੇ ਆਸਾਰ ਹਨ ਤੇ ਭਾਅ ਵੀ ਚੰਗੇ ਹਨ, ਜਿਸ ਨਾਲ ਕਿਸਾਨਾਂ ਵਿਚ ਖ਼ੁਸ਼ੀ ਹੈ | ਚੰਗੇ ਭਾਵਾਂ ਕਾਰਨ ਕਿਸਾਨ ਹੁਣ ਤੀਜੀ ਫ਼ਸਲ ਵਜੋਂ ਸਰੋਂ ਅਤੇ ਮੱਕੀ ਵੱਲ ਵੱਧ ਰੁਝਾਨ ਦਿਖਾ ਰਹੇ ਹਨ |