ਬਰਨਾਲਾ, 2 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਚੰਡੀਗੜ੍ਹ ਵਿਖੇ ਭਾਜਪਾ ਦੇ ਸੂਬਾ ਦਫ਼ਤਰ ਦੇ ਬਾਹਰ ਕੀਤੇ ਗਏ ਗ੍ਰਨੇਡ ਹਮਲੇ ਵਰਗੀਆਂ ਕਾਇਰਾਨਾ ਹਰਕਤਾਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ੂ ਦੇਸ਼ ਭਗਤੀ ਦੇ ਜਜ਼ਬੇ, ਜਨਤਾ ਦੀ ਸੇਵਾ ਕਰਨ ਅਤੇ ਰਾਸ਼ਟਰਵਾਦ ਦੇ ਰਾਹ 'ਤੇ ਚੱਲਣ ਤੋਂ ਨਹੀਂ ਰੋਕ ਸਕਦੀਆਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਰਦਿਆਂ ਕਿਹਾ ਕਿ ਇਹ ਹਮਲਾ ਪੰਜਾਬ ਦੇ ਭਾਈਚਾਰਕ ਸਾਂਝ 'ਤੇ ਕੀਤਾ ਗਿਆ ਇੱਕ ਵਾਰ ਹੈ, ਜਿਸ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ | ਕੈਪਟਨ ਸਿੱਧੂ ਨੇ ਇਸ ਘਟਨਾ ਨੂੰ ਲੈ ਕੇ ਪੰਜਾਬ ਦੀ 'ਆਪ' ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਤੋਂ ਵਿਰੋਧੀ ਸੁਰਾਂ ਨੂੰ ਦਬਾਉਣ ਅਤੇ ਦਹਿਸ਼ਤ ਦਾ ਮਾਹੌਲ ਸਿਰਜਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ | 'ਆਪ' ਸਰਕਾਰ ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਸਾਂਭਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ ਅਤੇ ਇਸ ਦੇ ਨਤੀਜੇ ਵਜੋਂ ਹੀ ਚੰਡੀਗੜ੍ਹ ਵਿਚ ਵੀ ਅਜਿਹੇ ਹਮਲੇ ਹੋਣੇ ਸ਼ੁਰੂ ਹੋ ਗਏ ਹਨ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਹਮਲੇ ਪਿੱਛੇ ਚਾਹੇ ਕੋਈ ਵੀ ਦੇਸ਼ ਵਿਰੋਧੀ ਤਾਕਤ ਹੋਵੇ, ਉਸ ਨੂੰ ਤੁਰੰਤ ਬੇਨਕਾਬ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕੋਈ ਅਜਿਹੀ ਹਿੰਮਤ ਨਾ ਕਰ ਸਕੇ | 2ਬੀਐਨਐਲ24