ਹੰਡਿਆਇਆ, 6 ਅਪ੍ਰੈਲ (ਗੁਰਜੀਤ ਸਿੰਘ ਖੱੁਡੀ)-ਚੰਡੀਗੜ੍ਹ-ਬਠਿੰਡਾ ਕੌਮੀ ਮਾਰਗ ਨੰ: 7 ਹੰਡਿਆਇਆ ਜ਼ਿਲ੍ਹਾ ਬਰਨਾਲਾ ਵਿਖੇ ਮਾਲਵੇ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਨੀਂਹ ਪੱਥਰ ਰੱਖਿਆ ਗਿਆ ਸੀ | ਇਸ ਸਬੰਧੀ ਹੰਡਿਆਇਆ ਤੋਂ ਕਾਂਗਰਸੀ ਆਗੂ ਦਰਸ਼ਨ ਸਿੰਘ ਗਿੱਲ, ਸਾਬਕਾ ਸਰਪੰਚ ਹਰਮੇਲ ਸਿੰਘ ਗਿੱਲ, ਐਮ.ਸੀ. ਕੁਲਦੀਪ ਸਿੰਘ ਤਾਜਪੁਰੀਆ, ਕਿਸਾਨ ਆਗੂ ਰੂਪ ਸਿੰਘ ਸਿੱਧੂ, ਨਿਰਮਲ ਸਿੰਘ ਸਿੱਧੂ ਨੇ ਕਿਹਾ ਕਿ 'ਆਪ' ਦੀ ਸਰਕਾਰ ਨੇ ਆਉਂਦਿਆਂ ਹੀ ਇਸ 7 ਏਕੜ ਦੇ ਕਰੀਬ ਜ਼ਮੀਨ ਵਿਚ ਸਿਆਸੀ ਅਦਲਾ ਬਦਲੀ ਤੇ ਪ੍ਰਸ਼ਾਸਨ ਦੀ ਬੇਰੁਖ਼ੀ ਦੇ ਕਾਰਨ ਨੂੰ ਬਦਲ ਕੇ ਹਸਪਤਾਲ ਦੀ ਬਿਜਾਏ ਅਤਿ-ਆਧੁਨਿਕ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਪਰ 4 ਸਾਲ ਬੀਤਣ ਤੋਂ ਬਾਅਦ ਵੀ ਇਸ ਹਸਪਤਾਲ ਦੀ ਜਗ੍ਹਾ ਉੱਪਰ ਨਗਰ ਕੌਂਸਲ ਬਰਨਾਲਾ ਹੁਣ ਨਗਰ ਨਿਗਮ ਵਲੋਂ ਸ਼ਹਿਰ ਦਾ ਕੂੜਾ ਕਰਕਟ ਸੱੁਟ ਕੇ ਵੱਡੇ-ਵੱਡੇ ਢੇਰ ਲਗਾਏ ਜਾ ਰਹੇ ਹਨ | ਜਿੱਥੋਂ ਦੀ ਰਾਹਗੀਰਾਂ ਨੂੰ ਪੱੁਜਣ ਸਮੇਂ ਅਤੇ ਰਿਹਾਇਸ਼ੀ ਇਲਾਕਾ ਨਿਵਾਸੀਆਂ ਦਾ ਭਿਆਨਕ ਬਦਬੂ ਕਾਰਨ ਲੰਘਣਾ ਮੁਸ਼ਕਲ ਹੋਇਆ ਪਿਆ ਹੈ | ਹੁਣ ਇਸ ਜਗ੍ਹਾ ਉੱਪਰ ਨੀਂਹ ਪੱਥਰ ਦੇ ਨੇੜੇ ਹੀ ਵੱਡੇ-ਵੱਡੇ ਪੱਥਰ ਸੱੁਟ ਕੇ ਨੀਂਹ ਪੱਥਰ ਨੂੰ ਲਕੋਇਆ ਗਿਆ ਹੈ | ਜੇਕਰ ਸਰਕਾਰ ਨੇ ਇਹ ਹਸਪਤਾਲ ਦਾ ਪ੍ਰੋਜੈਕਟ ਰੱਦ ਕਰ ਕੇ ਖੇਡ ਸਟੇਡੀਅਮ ਬਣਾਉਣਾ ਸੀ ਤਾਂ ਇਸ ਵਿਚ ਮਿੱਟੀ ਦੀ ਭਰਤ ਪਾ ਕੇ ਹੁਣ ਤੱਕ ਕੰਮ ਸ਼ੁਰੂ ਨਹੀਂ ਕੀਤਾ | ਉਕਤ ਆਗੂਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਨਗਰ ਨਿਗਮ ਬਰਨਾਲਾ ਦੇ ਪ੍ਰਸ਼ਾਸਕ ਪਾਸੋਂ ਮੰਗ ਕੀਤੀ ਕਿ ਇੱਥੇ ਕੂੜਾ ਸੱੁਟਣ ਦੀ ਬਿਜਾਏ ਜਨਤਾ ਦੀ ਭਲਾਈ ਲਈ ਪ੍ਰੋਜੈਕਟ ਜਲਦੀ ਸ਼ੁਰੂ ਕੀਤੇ ਜਾਣ |