ਸ਼ਹਿਣਾ, 8 ਅਪ੍ਰੈਲ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਵਿਖੇ ਬੀਤੀ ਰਾਤ ਚੋਰ ਗਿਰੋਹ ਨੇ 40 ਦੇ ਕਰੀਬ ਮੋਟਰਾਂ ਤੋਂ ਕੇਬਲ ਤਾਰਾਂ ਵੱਢ ਕੇ ਤਾਂਬਾ ਕੱਢ ਲਿਆ | ਇਹ ਜਾਣਕਾਰੀ ਦਿੰਦਿਆਂ ਜਗਸੀਰ ਸਿੰਘ ਕਾਲਾ ਪ੍ਰਧਾਨ ਬੀਕੇਯੂ ਉਗਰਾਹਾਂ, ਸੰਦੀਪ ਸਿੰਘ ਕਾਲਾ ਅਤੇ ਮਨਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਚੋਰਾਂ ਵਲੋਂ ਇਕ ਸਾਲ ਵਿਚ ਤੀਜੀ ਵਾਰ ਮੋਟਰਾਂ 'ਤੇ ਪਾਈਆਂ ਗਈਆਂ ਕੇਬਲ ਤਾਰਾਂ ਵੱਢ ਲਈਆਂ ਹਨ | ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ | ਕਿਸਾਨਾਂ ਨੇ ਕਿਹਾ ਕਿ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਚੋਰਾਂ ਦੀ ਨਿਸ਼ਾਨਦੇਹੀ ਵੀ ਦਿੱਤੀ ਗਈ, ਪਰ ਫਿਰ ਵੀ ਉਕਤ ਵਿਅਕਤੀ ਕਾਨੂੰਨੀ ਕਾਰਵਾਈ ਤੋਂ ਬਚ ਕੇ ਨਿਕਲ ਗਏ | ਇਸ ਸਮੇਂ ਉਨ੍ਹਾਂ ਦੱਸਿਆ ਕਿ ਜਗਸੀਰ ਸਿੰਘ ਦੀਆਂ ਤਿੰਨ ਮੋਟਰਾਂ, ਨਿਰਭੈ ਸਿੰਘ ਪੰਜ, ਪਰਮਜੋਤ ਸਿੰਘ ਚਾਰ, ਮਨਜੀਤ ਸਿੰਘ ਦੋ, ਮਨਪ੍ਰੀਤ ਸਿੰਘ ਦੋ, ਸ਼ਿੰਗਾਰਾ ਸਿੰਘ 3 ਤੋਂ ਇਲਾਵਾ ਗੁਰਦੇਵ ਸਿੰਘ, ਪ੍ਰਗਟ ਸਿੰਘ, ਅਜੈਬ ਸਿੰਘ, ਗੁਰਮੇਲ ਸਿੰਘ, ਸਤਨਾਮ ਸਿੰਘ, ਗਰਨੇਟ ਸਿੰਘ, ਸੰਦੀਪ ਸਿੰਘ, ਚੰਦ ਸਿੰਘ ਤੋਂ ਇਲਾਵਾ ਹੋਰ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਵੱਢ ਕੇ ਤਾਂਬਾ ਕੱਢ ਲਿਆ ਗਿਆ | ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਤਾਰ ਚੋਰ ਗਿਰੋਹ ਇਨ੍ਹਾਂ ਬੇਖ਼ੌਫ ਤੇ ਨਿਡਰ ਹੋ ਕੇ ਕੇਬਲ ਤਾਰਾਂ ਵੱਢ ਰਹੇ ਹਨ, ਕਿ ਇਕੋ ਰਾਤ ਵਿਚ ਇੰਨੀਆਂ ਥਾਵਾਂ 'ਤੇ ਤਾਰਾਂ ਵੱਢਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ | ਮਨਜਿੰਦਰ ਸਿੰਘ ਤੇ ਸੰਦੀਪ ਸਿੰਘ ਵਲੋਂ ਥਾਣਾ ਸ਼ਹਿਣਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਬਲ ਤਾਰਾਂ ਵੱਢਣ ਦੇ ਦੋਸ਼ ਵਿਚ ਲਿਖਤੀ ਤੌਰ 'ਤੇ ਵੀ ਦਿੱਤਾ ਗਿਆ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਵਾਰ-ਵਾਰ ਤਾਰਾਂ ਵੱਢਣ ਵਾਲੇ ਕੇਬਲ ਤਾਰ ਚੋਰ ਗਿਰੋਹ ਨੂੰ ਫੜ ਕੇ ਪਰਦਾਫਾਸ਼ ਕੀਤਾ ਜਾਵੇ ਅਤੇ ਕਿਸਾਨਾਂ ਦੇ ਮਨਾਂ ਵਿਚ ਪਾਇਆ ਜਾਂਦਾ ਡਰ ਦੂਰ ਕੀਤਾ ਜਾਵੇ |