ਟੱਲੇਵਾਲ, 8 ਅਪੈ੍ਰਲ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਵਿਖੇ ਸਾਹਿਤ ਸਰਵਰ ਬਰਨਾਲਾ ਵਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਨੂੰ ਸਮਰਪਿਤ ਸੱਤਵਾਂ ਉਦਾਸੀ ਗੀਤ/ਕਵਿਤਾ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ | ਮੁਕਾਬਲਿਆਂ 'ਚ ਪ੍ਰਦੀਪ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਮੁਕਾਬਲੇ ਦੀ ਪਰਖ ਮੈਡਮ ਹਰਜੋਤ ਕੌਰ, ਪ੍ਰੋ: ਅਮਨਦੀਪ ਕੌਰ ਅਤੇ ਪ੍ਰੋ: ਲਵਜੀਤ ਕੌਰ ਨੇ ਕੀਤੀ | ਜੇਤੂ ਵਿਦਿਆਰਥਣਾਂ ਨੂੰ ਨਕਦ ਇਨਾਮ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੇ ਸਲਾਹਕਾਰ ਬੋਰਡ ਦੇ ਮੈਂਬਰ ਜਗਮੇਲ ਸਿੱਧੂ ੱਲੋਂ ਆਪਣੀ ਮਾਤਾ ਸੁਰਜੀਤ ਕੌਰ ਸਿੱਧੂ ਦੀ ਯਾਦ ਵਿਚ ਭੇਟ ਕੀਤੇ ਗਏ | ਇਸ ਮੌਕੇ ਉਨ੍ਹਾਂ ਕਿਹਾ ਕਿ ਉਦਾਸੀ ਦੀ ਸਪੁੱਤਰੀ ਇਕਬਾਲ ਕੌਰ ਉਦਾਸੀ ਅਤੇ ਸਾਹਿਤ ਸਰਵਰ ਬਰਨਾਲਾ ਵਲੋਂ ਕੀਤਾ ਗਿਆ ਇਹ ਯਤਨ ਬਹੁਤ ਹੀ ਉਸਾਰੂ ਹੈ, ਜਿਸ ਨਾਲ ਵਿਦਿਆਰਥਣਾਂ ਨੂੰ ਸੰਤ ਰਾਮ ਉਦਾਸੀ ਦੇ ਜੀਵਨ ਅਤੇ ਰਚਨਾਵਾਂ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ | ਸੇਵਾ ਮੁਕਤ ਪਿ੍ੰਸੀਪਲ ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਲੋਕ ਕਵੀ ਹੋਣ ਦਾ ਬਹੁਤ ਵੱਡਾ ਮੁੱਲ ਚੁਕਾਇਆ | ਉਨ੍ਹਾਂ ਨੇ ਪੁਲਿਸ ਦਾ ਤਸ਼ੱਦਦ ਸਹਾਰਿਆ ਅਤੇ ਲੰਮਾ ਸਮਾਂ ਜੇਲ੍ਹ ਵਿਚ ਰਹੇ, ਜਿਸ ਕਾਰਨ ਪਰਿਵਾਰ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਉਦਾਸੀ 20ਵੀਂ ਸਦੀ ਦੇ ਮਹਾਨ ਕਵੀ ਸਨ ਅਤੇ ਉਨ੍ਹਾਂ ਦੀ ਕਵਿਤਾ ਦੇ ਸਰੋਦੀ ਗੁਣ ਹੀ ਉਨ੍ਹਾਂ ਦੀ ਅਸਲ ਪਛਾਣ ਹਨ | ਉਨ੍ਹਾਂ ਦੇ ਗੀਤ ਲੋਕ ਗੀਤਾਂ ਵਾਂਗ ਅਮਰ ਹੋ ਚੁੱਕੇ ਹਨ ਅਤੇ ਜਦ ਤੱਕ ਕਿਰਤ ਦੀ ਲੁੱਟ ਜਾਰੀ ਰਹੇਗੀ, ਉਦੋਂ ਤੱਕ ਉਨ੍ਹਾਂ ਦੇ ਗੀਤ ਪੜ੍ਹੇ ਅਤੇ ਗਾਏ ਜਾਂਦੇ ਰਹਿਣਗੇ | ਕਾਲਜ ਦੇ ਵਾਈਸ ਪਿ੍ੰਸੀਪਲ ਜਨਮੀਤ ਨੇ ਵਿਦਿਆਰਥਣਾਂ ਨੂੰ ਉਦਾਸੀ ਕਾਵਿ ਪੜ੍ਹਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਲਿਖੇ ਗੀਤ ਪਹਿਲਾਂ ਵੀ ਸਤਿਕਾਰੇ ਜਾਂਦੇ ਸਨ, ਅੱਜ ਵੀ ਅਤੇ ਭਵਿੱਖ ਵਿਚ ਵੀ ਸਤਿਕਾਰੇ ਜਾਂਦੇ ਰਹਿਣਗੇ | ਪ੍ਰੋ: ਡਾ: ਗੁਰਦੀਪ ਕੌਰ (ਮੁਖੀ ਪੰਜਾਬੀ ਵਿਭਾਗ) ਨੇ ਕਿਹਾ ਕਿ ਉਦਾਸੀ ਦੀ ਕਹਿਣੀ ਅਤੇ ਕਥਨੀ ਵਿਚ ਕੋਈ ਫ਼ਰਕ ਨਹੀਂ ਸੀ | ਇਸ ਮੌਕੇ ਪ੍ਰੋ: ਜਸਕਰਨ ਕੌਰ, ਕਾਲਜ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ |