ਬਰਨਾਲਾ, 8 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਈ-ਸੇਵਾ ਪੋਰਟਲ ਉੱਤੇ ਸਭ ਤੋਂ ਘੱਟ ਬਕਾਇਆ ਅਰਜ਼ੀਆਂ (0.16%) ਨਾਲ ਸੂਬੇ ਵਿਚ ਪਹਿਲੇ ਸਥਾਨ 'ਤੇ ਹੈ | ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ 8 ਅਪ੍ਰੈਲ 2025 ਤੋਂ 7 ਅਪ੍ਰੈਲ 2026 ਤੱਕ ਜ਼ਿਲ੍ਹੇ ਵਿਚ ਈ-ਸੇਵਾ ਅਤੇ ਕਨੈਕਟ ਪੋਰਟਲ ਰਾਹੀਂ ਕੁੱਲ 1,08,287 ਅਰਜ਼ੀਆਂ ਪ੍ਰਾਪਤ ਹੋਈਆਂ | ਇਨ੍ਹਾਂ ਵਿਚੋਂ 97,086 ਅਰਜ਼ੀਆਂ ਨੂੰ ਨਿਰਧਾਰਤ ਸਮੇਂ ਅੰਦਰ ਨਿਪਟਾਇਆ ਗਿਆ ਹੈ, ਜਦਕਿ 9,613 ਅਰਜ਼ੀਆਂ ਪ੍ਰਕਿਰਿਆ ਅਧੀਨ ਹਨ ਅਤੇ 1,588 ਅਰਜ਼ੀਆਂ ਵੱਖ-ਵੱਖ ਕਾਰਨਾਂ ਕਰ ਕੇ ਵਾਪਸ ਭੇਜੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਚ ਕੁੱਲ 14 ਸੇਵਾ ਕੇਂਦਰਾਂ ਰਾਹੀਂ 450 ਤੋਂ ਵੱਧ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਵਿਭਾਗਾਂ ਨੂੰ ਅਰਜ਼ੀਆਂ ਦਾ ਸਮਾਂਬੱਧ ਨਿਪਟਾਰਾ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ ਖ਼ੁਆਰੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨਾਲ ਵੀ ਸਬੰਧਿਤ ਵੱਖ-ਵੱਖ ਐਨਓਸੀ ਅਤੇ ਹੋਰ ਸੇਵਾਵਾਂ ਦੀਆਂ ਅਰਜ਼ੀਆਂ ਦੇ ਸਮਾਂਬੱਧ ਨਿਬੇੜੇ ਲਈ ਸਬੰਧਿਤ ਅਧਿਕਾਰੀਆਂ, ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਅਤੇ ਉਨ੍ਹਾਂ ਵਲੋਂ ਨਾਲੋਂ ਨਾਲੋਂ ਅਰਜ਼ੀਆਂ ਦਾ ਨਿਬੇੜਾ ਕੀਤਾ ਜਾਂਦਾ ਹੈ ਜਿਸ ਤਹਿਤ ਅੱਜ ਤੱਕ ਉਨ੍ਹਾਂ ਕੋਲ ਈ-ਨਕਸ਼ਾ ਪੋਰਟਲ ਉੱਤੇ ਐਨਓਸੀਜ਼ ਦੀ ਪੈਂਡੈਂਸੀ ਜ਼ੀਰੋ ਹੈ |