ਮਹਿਲ ਕਲਾਂ, 8 ਅਪ੍ਰੈਲ (ਅਵਤਾਰ ਸਿੰਘ ਅਣਖੀ)-ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ. ਦੇ ਸਰਪ੍ਰਸਤ, ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ: ਅਮਰ ਕੋਮਲ (93) ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ | ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ | 29 ਨਵੰਬਰ 1933 ਨੂੰ ਮਹਿਲ ਕਲਾਂ ਵਿਖੇ ਪਿਤਾ ਸ੍ਰੀ ਸਾਵਣ ਰਾਮ ਅਤੇ ਮਾਤਾ ਸ੍ਰੀਮਤੀ ਗਿਆਨ ਦੇਵੀ ਦੇ ਗ੍ਰਹਿ ਵਿਖੇ ਜਨਮੇ ਡਾ: ਕੋਮਲ ਨੇ ਇੱਕ ਸਾਧਾਰਨ ਪਰਿਵਾਰ ਵਿਚੋਂ ਉੱਠ ਕੇ ਆਪਣੀ ਸਖ਼ਤ ਮਿਹਨਤ ਅਤੇ ਕਲਮ ਦੀ ਤਾਕਤ ਨਾਲ ਵੱਡਾ ਮੁਕਾਮ ਹਾਸਲ ਕੀਤਾ | ਬਾਲ ਮਨੋਵਿਗਿਆਨ ਦੀ ਡੂੰਘੀ ਸਮਝ ਰੱਖਣ ਵਾਲੇ ਇਸ ਮਹਾਨ ਲੇਖਕ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਭਾਸ਼ਾ ਵਿਭਾਗ, ਪੰਜਾਬ ਵਲੋਂ ਸਾਲ 2008 ਵਿਚ 'ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ' ਸਨਮਾਨ ਨਾਲ ਨਿਵਾਜਿਆ ਗਿਆ ਸੀ | ਉਨ੍ਹਾਂ ਦੀ ਸਾਹਿਤ ਪ੍ਰਤੀ ਨਿਸ਼ਠਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਆਪਣੀ ਮੌਤ ਤੋਂ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਨਿੱਜੀ ਲਾਇਬਰੇਰੀ ਦੀਆਂ ਕੀਮਤੀ ਪੁਸਤਕਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਦਾਨ ਕਰ ਦਿੱਤੀਆਂ ਸਨ, ਤਾਂ ਜੋ ਖੋਜਾਰਥੀ ਅਤੇ ਆਉਣ ਵਾਲੀਆਂ ਨਸਲਾਂ ਇਨ੍ਹਾਂ ਤੋਂ ਲਾਹਾ ਲੈ ਸਕਣ | ਡਾ: ਅਮਰ ਕੋਮਲ ਦਾ ਅੰਤਿਮ ਸੰਸਕਾਰ ਅੱਜ ਬਡੂੰਗਰ ਪਟਿਆਲਾ ਵਿਖੇ ਕੀਤਾ ਗਿਆ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਨਾਮਵਰ ਗੀਤਕਾਰ ਮਨਪ੍ਰੀਤ ਟਿਵਾਣਾ, ਸਾਹਿਤ ਸਭਾ ਮਹਿਲ ਕਲਾਂ ਦੇ ਗੁਰਪ੍ਰੀਤ ਸਿੰਘ ਅਣਖੀ, ਜਗਮੋਹਣ ਸ਼ਾਹ ਰਾਏਸਰ, ਸੰਦੀਪ ਗਿੱਲ ਕੁਰੜ, ਸੁਖਚੈਨ ਸਿੰਘ ਕੁਰੜ, ਮਾ: ਕਰਮਜੀਤ ਸਿੰਘ ਮਹਿਲ ਖ਼ੁਰਦ, ਕਮਲਜੀਤ ਕੌਰ ਗੁੰਮਟੀ ਆਦਿ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਡਾ: ਅਮਰ ਕੋਮਲ ਦੇ ਅਕਾਲ ਚਲਾਣੇ ਨਾਲ ਪੰਜਾਬ ਸਹਿਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਨ੍ਹਾਂ ਨੇ ਪੰਜਾਬੀ ਕਵਿਤਾ, ਗ਼ਜ਼ਲ, ਨਿਬੰਧ-ਕਲਾ, ਬਾਲ-ਸਾਹਿਤ ਮਿੰਨੀ ਕਹਾਣੀ ਅਤੇ ਅਲੋਚਨਾ ਖੇਤਰ ਵਿਚ ਨਿਠ ਕੇ ਕੰਮ ਕੀਤਾ |