ਤਪਾ ਮੰਡੀ, 11 ਅਪ੍ਰੈਲ (ਪ੍ਰਵੀਨ ਗਰਗ)-ਐਸ.ਡੀ.ਐਮ ਤਪਾ ਆਯੂਸ਼ ਗੋਇਲ ਵਲੋਂ ਗੈਸ ਏਜੰਸੀ ਢਿਲਵਾਂ ਰੋਡ ਤਪਾ ਦੀ ਅਚਨਚੇਤ ਸਟਾਕ ਆਦਿ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ | ਚੈਕਿੰਗ ਕਰਨ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਐਸ.ਡੀ.ਐਮ ਤਪਾ ਆਯੂਸ਼ ਗੋਇਲ ਨੇ ਕਿਹਾ ਕਿ ਲੋਕਾਂ ਵਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਹੱਲ ਕਰਨ ਲਈ ਇਹ ਚੈਕਿੰਗ ਕੀਤੀ ਗਈ ਹੈ | ਚੈਕਿੰਗ ਮੌਕੇ ਐਸ.ਡੀ.ਐਮ ਵਲੋਂ ਮੌਜੂਦ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ ਤਾਂ ਲੋਕਾਂ ਵਲੋਂ ਦੱਸਿਆ ਗਿਆ ਕਿ ਕੁੱਝ ਦਿਨਾਂ ਤੋਂ ਗੈਸ ਦੀ ਕਿੱਲਤ ਆ ਰਹੀ ਹੈ | ਉਨਾਂ ਤੁਰੰਤ ਗੈਸ ਏਜੰਸੀ ਮਾਲਕ ਨੂੰ ਹਦਾਇਤ ਕੀਤੀ ਕਿ ਸਪਲਾਈ ਆਮ ਵਾਂਗ ਤੇ ਕੰਟਰੋਲ ਹੇਠ ਜਾਰੀ ਰੱਖੀ ਜਾਵੇ ਤੇ ਲੋਕਾਂ ਨੂੰ ਖੱਜਲ ਖ਼ੁਆਰ ਨਾ ਕੀਤਾ ਜਾਵੇ | ਬਲਕਿ ਨਿਸ਼ਚਿਤ ਸਮੇਂ 'ਤੇ ਸਿਲੰਡਰਾਂ ਦੀ ਡਲਿਵਰੀ ਕੀਤੀ ਜਾਵੇ | ਉਪਰੰਤ ਏਜੰਸੀ ਮਾਲਕ ਨੇ ਐਸ.ਡੀ.ਐਮ ਨੂੰ ਭਰੋਸਾ ਦਿੱਤਾ ਕਿ ਉਹ ਸਿਲੰਡਰਾਂ ਸਬੰਧੀ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦੇਣਗੇ | ਉਨਾਂ ਇਹ ਵੀ ਕਿਹਾ ਕਿ ਕੁੱਝ ਲੋਕ ਲੋੜ ਤੋਂ ਵੱਧ ਗੈਸ ਸਿਲੰਡਰ, ਪੈਟਰੋਲ ਤੇ ਡੀਜ਼ਲ ਭਰਵਾ ਕੇ ਰੱਖ ਰਹੇ ਹਨ, ਜੋ ਕਿ ਕਾਨੂੰਨ ਮੁਤਾਬਿਕ ਗ਼ਲਤ ਹੈ, ਕਿਉਂਕਿ ਸਪਲਾਈ ਦੀ ਦਿੱਕਤ ਉਦੋਂ ਹੀ ਆਉਂਦੀ ਹੈ ਜਦੋਂ ਲੋਕ ਇਨਾਂ ਦਾ ਸਟਾਕ ਕਰਨ ਲੱਗ ਪੈਂਦੇ ਹਾਂ | ਜੇਕਰ ਲੋੜ ਅਨੁਸਾਰ ਗੈਸ, ਪੈਟਰੋਲ ਤੇ ਡੀਜ਼ਲ ਭਰਵਾਇਆ ਜਾਵੇ ਤਾਂ ਕਿਸੇ ਤਰਾਂ ਦੀ ਕੋਈ ਦਿੱਕਤ ਨਹੀਂ ਆ ਸਕਦੀ | ਇਸ ਤੋਂ ਇਲਾਵਾ ਐਸ.ਡੀ.ਐਮ ਗੋਇਲ ਵਲੋਂ ਬਾਬਾ ਫੂਲ ਸਰਕਾਰੀ ਬਿਰਧ ਘਰ ਤਪਾ ਦਾ ਦੌਰਾ ਕੀਤਾ ਗਿਆ | ਇਸ ਦੌਰੇ ਦੌਰਾਨ ਉਨਾਂ ਵਲੋਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਗਈ | ਗੱਲਬਾਤ ਦੌਰਾਨ ਬਜ਼ੁਰਗਾਂ ਨੇ ਦੱਸਿਆ ਕਿ ਉਨਾਂ ਨੂੰ ਆਸ਼ਰਮ 'ਚ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਨਹੀਂ ਆ ਰਹੀ ਹੈ | ਬਲਕਿ ਪ੍ਰਬੰਧਕਾਂ ਵਲੋਂ ਉਨਾਂ ਨੂੰ ਸਮੇਂ ਸਿਰ ਪੌਸ਼ਟਿਕ ਭੋਜਨ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਉਨਾਂ ਦੀ ਸਿਹਤ ਦਾ ਖ਼ਿਆਲ ਰੱਖਿਆ ਜਾਂਦਾ ਹੈ | ਉਪਰੰਤ ਐਸ.ਡੀ.ਐਮ ਨੇ ਬਿਰਧ ਆਸ਼ਰਮ ਵਿਖੇ ਡਿਊਟੀ ਨਿਭਾਅ ਰਹੇ ਮੁਲਾਜ਼ਮਾਂ ਦੀ ਭਰਪੂਰ ਸ਼ਲਾਘਾ ਕੀਤੀ |