ਟੱਲੇਵਾਲ, 11 ਅਪ੍ਰੈਲ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਬੱਸ ਅੱਡੇ 'ਤੇ ਇੱਕੋ ਜਗ੍ਹਾ ਤੀਜੀ ਵਾਰ ਚੋਰੀ ਦੀ ਘਟਨਾ ਵਾਪਰੀ ਹੈ | ਇੱਥੇ ਮਠਿਆਈ ਦੀ ਦੁਕਾਨ 'ਤੇ ਚੋਰਾਂ ਵਲੋਂ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਰਾਮ ਦੁਲਾਰ, ਰਮਨਦੀਪ ਅਤੇ ਗਗਨਦੀਪ ਨੇ ਦੱਸਿਆ ਕਿ ਉਨ੍ਹਾਂ ਦੀ ਬੱਸ ਅੱਡੇ 'ਤੇ ਕਰੀਬ 20 ਸਾਲਾਂ ਤੋਂ ਮਠਿਆਈ ਦੀ ਦੁਕਾਨ ਹੈ | ਦੁਕਾਨ ਦੇ ਪਿਛਲੇ ਪਾਸੇ ਹੀ ਦੋ ਕਮਰਿਆਂ ਵਿਚ ਉਨ੍ਹਾਂ ਦੀ ਰਿਹਾਇਸ਼ ਹੈ | ਜਿੱਥੇ ਉਨ੍ਹਾਂ ਦੇ ਕਰੀਬ 7 ਪਰਿਵਾਰਕ ਮੈਂਬਰ ਸੌਂ ਰਹੇ ਸਨ | ਪਰ ਚੋਰ ਇੱਥੋਂ ਇਕ ਟਰੰਕ ਤੇ ਬੈਗ ਚੋਰੀ ਕਰ ਕੇ ਲੈ ਗਏ | ਟਰੰਕ ਵਿਚ ਉਨ੍ਹਾਂ ਦੇ ਪਰਿਵਾਰ ਦੀਆਂ ਅÏਰਤਾਂ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਸਨ, ਜਦਕਿ 35 ਹਜ਼ਾਰ ਦੇ ਕਰੀਬ ਨਕਦੀ ਵੀ ਸੀ | ਚੋਰਾਂ ਵਲੋਂ ਕੁੱਤੇ ਨੂੰ ਕੋਈ ਨਸ਼ੀਲੀ ਚੀਜ਼ ਦੇਣ ਕਰ ਕੇ ਕੁੱਤਾ ਵੀ ਬੇਹੋਸ਼ ਹੋ ਗਿਆ | ਉਨ੍ਹਾਂ ਦੱਸਿਆ ਕਿ ਇਹ ਘਟਨਾ ਕਰੀਬ 2 ਵਜੇ ਵਾਪਰੀ ਹੈ ਅਤੇ ਚੋਰੀ ਬਾਰੇ ਸਵੇਰੇ ਪਤਾ ਲੱਗਿਆ | ਚੋਰੀ ਕੀਤਾ ਗਿਆ ਟਰੰਕ ਬਰਨਾਲਾ ਦੇ ਕੋਲਡ ਸਟੋਰਾਂ ਨੇੜੇ ਖਿੱਲਰੇ ਸਮਾਨ ਨਾਲ ਮਿਲਿਆ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 2 ਵਾਰ ਚੋਰੀ ਹੋ ਚੁੱਕੀ ਹੈ, ਪਰ ਪੁਲਿਸ ਚੋਰਾਂ ਨੂੰ ਕਾਬੂ ਕਰਨ ਵਿਚ ਸਫਲ ਨਹੀਂ ਹੋ ਸਕੀ | ਘਟਨਾ ਉਪਰੰਤ ਪੱਖੋ ਕੈਂਚੀਆਂ ਚੌਂਕੀ ਦੀ ਪੁਲਿਸ ਵੀ ਮੌਕੇ 'ਤੇ ਪਹੁੰਚੀ ਅਤੇ ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ |