ਬਰਨਾਲਾ, 11 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਖਾਧ ਪਦਾਰਥਾਂ ਵਿਚ ਮਿਲਾਵਟਖੋਰੀ ਵਿਰੁੱਧ ਸਖ਼ਤੀ ਵਰਤੀ ਜਾ ਰਹੀ ਹੈ ਜਿਸ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ ਦੀ ਅਦਾਲਤ ਵਲੋਂ 7 ਕੇਸਾਂ ਵਿਚ ਵੱਖ-ਵੱਖ ਫਰਮਾਂ/ਮਾਲਕਾਂ ਨੂੰ 2 ਲੱਖ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ | ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਦੁੱਧ, ਪਨੀਰ, ਵੱਖ-ਵੱਖ ਤਰ੍ਹਾਂ ਦੇ ਤੇਲ ਸਮੇਤ ਖਾਧ/ਡੇਅਰੀ ਪਦਾਰਥਾਂ ਵਿਚ ਮਿਲਾਵਟਖੋਰੀ ਰੋਕਣ ਲਈ ਸਿਹਤ ਵਿਭਾਗ ਨੂੰ ਲਗਾਤਾਰ ਚੈਕਿੰਗ ਕਰਨ ਅਤੇ ਨਮੂਨੇ ਭਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ | ਇਹ ਨਮੂਨੇ ਲੈਣ ਮਗਰੋਂ ਸਿਹਤ ਵਿਭਾਗ ਵਲੋਂ ਖਰੜ ਲੈਬ ਵਿਚ ਭੇਜੇ ਜਾਂਦੇ ਹਨ ਜਿੱਥੇ ਮਾਪਦੰਡਾਂ 'ਤੇ ਖਰਾ ਨਾ ਉਤਰਨ ਵਾਲੇ (ਸਬ ਸਟੈਂਡਰਡ) ਨਮੂਨਿਆਂ ਦੇ ਕੇਸ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਦਾਲਤ ਵਿਚ ਵਿਚਾਰੇ ਜਾਂਦੇ ਹਨ | ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਨੇ ਦੱਸਿਆ ਕਿ 9 ਅਪ੍ਰੈਲ ਨੂੰ ਉਨ੍ਹਾਂ ਦੀ ਅਦਾਲਤ ਵਿਚ 7 ਕੇਸਾਂ ਵਿਚ 2 ਲੱਖ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ | ਇਨ੍ਹਾਂ ਵਿਚ ਬਰਨਾਲਾ ਦੀ ਫ਼ਰਮ ਦੇ ਮਿਲਕ ਕੇਕ ਦੇ ਨਮੂਨੇ, ਧਨੌਲਾ ਦੇ ਖੋਏ, ਘੁੰਨਸ ਦੇ ਸਰ੍ਹੋਂ ਦੇ ਤੇਲ, ਹੰਡਿਆਇਆ ਦੇ ਖਾਣਾ ਬਣਾਉਣ ਵਾਲੇ ਤੇਲ, ਘੁੰਨਸ ਦੀ ਇਕ ਹੋਰ ਫ਼ਰਮ ਦੇ ਸਰ੍ਹੋਂ ਦੇ ਤੇਲ, ਤਪਾ ਦੇ ਸਰ੍ਹੋਂ ਦੇ ਤੇਲ, ਧਨੌਲਾ ਦੀ ਇਕ ਹੋਰ ਫ਼ਰਮ ਦੇ ਪਨੀਰ ਦੇ ਨਮੂਨਿਆਂ ਦੇ ਸਬ-ਸਟੈਂਡਰਡ ਹੋਣ ਦੇ ਮਾਮਲੇ ਵਿਚ ਇਹ ਜੁਰਮਾਨਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿਚ ਅਜਿਹੇ ਮਾਮਲਿਆਂ ਵਿਚ ਪੂਰੀ ਸਖ਼ਤੀ ਵਰਤੀ ਜਾਵੇਗੀ ਤਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ | ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵਲੋਂ ਜਨਵਰੀ ਤੋਂ ਮਾਰਚ 2026 ਦੌਰਾਨ ਸਰ੍ਹੋਂ ਦੇ ਤੇਲ, ਦੁੱਧ, ਦੁੱਧ ਤੋਂ ਬਣੀਆਂ ਚੀਜ਼ਾਂ, ਘਿਉ, ਪਨੀਰ, ਖੋਏ, ਮਠਿਆਈਆਂ, ਕੁਕਿੰਗ ਤੇਲ ਦੇ 29 ਨਮੂਨੇ ਲਏ ਗਏ ਜਿਨ੍ਹਾਂ ਵਿਚੋਂ 18 ਨਮੂਨੇ ਪਾਸ ਹੋਏ, ਜਦਕਿ 11 ਫ਼ੇਲ੍ਹ ਹੋ ਗਏ |