ਸ਼ਹਿਣਾ, 14 ਅਪ੍ਰੈਲ (ਸੁਰੇਸ਼ ਗੋਗੀ)-ਦਾਣਾ ਮੰਡੀ ਮੌੜ ਨਾਭਾ ਕਣਕ ਦੀ ਫ਼ਸਲ ਨਾਲ ਨੱਕੋ ਨੱਕ ਭਰ ਗਈ ਹੈ ਅਤੇ ਲਗਾਤਾਰ ਮੌਸਮ ਸਾਫ਼ ਹੋਣ ਪਿੱਛੋਂ ਕਿਸਾਨ ਆਪਣੀ ਕਣਕ ਦੀ ਫ਼ਸਲ ਕੱਟ ਕੇ ਮੰਡੀ ਵਿਚ ਲਿਆ ਰਹੇ ਹਨ, ਪਰ ਮੰਡੀ ਵਿਚ ਖ਼ਰੀਦ ਦੀ ਕੋਈ ਵਾਈ ਧਾਈ ਨਹੀਂ | ਮੰਡੀ ਵਿਚ ਪਿਛਲੇ 5 ਦਿਨਾਂ ਤੋਂ ਬੈਠੇ ਦਰਾਕਾ ਪੱਤੀ ਦੇ ਲਾਲ ਸਿੰਘ ਨੇ ਕਿਹਾ ਕਿ ਹਾਲੇ ਤੱਕ ਕਣਕ ਨੂੰ ਸਿਰਫ਼ ਸਾਫ਼ ਹੀ ਕੀਤਾ ਗਿਆ ਹੈ, ਜਦਕਿ ਕੋਈ ਬਾਰਦਾਨਾ ਨਹੀਂ ਆਇਆ ਅਤੇ ਨਾ ਹੀ ਕੋਈ ਖ਼ਰੀਦ ਏਜੰਸੀ ਮਾਰਕਫੈੱਡ ਦਾ ਅਧਿਕਾਰੀ ਦਾਣਾ ਮੰਡੀ ਵਿਚ ਬੋਲੀ ਲਾਉਣ ਲਈ ਆਇਆ ਹੈ | ਕਿਸਾਨ ਨੇ ਦੱਸਿਆ ਕਿ ਆੜ੍ਹਤੀਆ ਨੇ ਚਾਰ ਦਿਨ ਲਈ ਹੋਰ ਉਡੀਕ ਕਰਨ ਨਹੀਂ ਕਿਹਾ ਹੈ | ਉਨ੍ਹਾਂ ਕਿਹਾ ਕਿ ਰੋੜਾਂ ਵਰਗੀ ਸੁੱਕੀ ਕਣਕ ਮੰਡੀ ਵਿਚ ਰੁਲ ਰਹੀ ਹੈ | ਉੱਪਰੋਂ ਮੌਸਮ ਹਰ ਰੋਜ਼ ਰੰਗ ਬਦਲਦਾ ਹੈ, ਜਦਕਿ ਪਹਿਲਾਂ ਹੀ ਕਣਕ ਦੀ ਕਟਾਈ ਬੇਮੌਸਮੇ ਮੀਂਹ ਕਾਰਨ 10 ਦਿਨ ਲੇਟ ਹੋ ਗਈ ਹੈ | ਜ਼ਿਕਰਯੋਗ ਹੈ ਕਿ ਦਾਣਾ ਮੰਡੀ ਵਿਚ ਜਿੱਥੇ ਸਫ਼ਾਈ ਦੇ ਪ੍ਰਬੰਧ ਅਧੂਰੇ ਹਨ, ੳੱੁਥੇ ਕਿਸਾਨਾਂ ਲਈ ਵੀ ਕੋਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ | ਗੁਰਪ੍ਰੀਤ ਸਿੰਘ ਮਾਨ ਸਾਬਕਾ ਚੇਅਰਮੈਨ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਕਣਕ ਦੀ ਖ਼ਰੀਦ 1 ਅਪੈ੍ਰਲ ਤੋਂ ਸ਼ੁਰੂ ਕਰਨ ਦੇ ਬਿਆਨ ਲਗਾਤਾਰ ਦੇ ਚੱੁਕੀ ਹੈ, ਪਰ ਕਣਕ ਦੀ ਖ਼ਰੀਦ ਹਾਲੇ ਤੱਕ ਪੇਂਡੂ ਮੰਡੀਆਂ ਵਿਚ ਸ਼ੁਰੂ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ, ਕਿ ਇਸ ਸਰਕਾਰ ਦੇ ਹੰੁਦਿਆਂ ਕਣਕ ਦੀ ਫ਼ਸਲ ਮੰਡੀਆਂ ਵਿਚ ਰੁਲ ਰਹੀ ਹੈ, ਜਦਕਿ ਇਸ ਤੋਂ ਪਹਿਲਾਂ ਝੋਨੇ ਦੀ ਫ਼ਸਲ ਨੂੰ ਨਮੀ ਦੀ ਵੱਧ ਮਾਤਰਾ ਕਹਿ ਕੇ ਤੋਲਣ ਵਿਚ ਦੇਰੀ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਬਹੁਤ ਵੱਡਾ ਫ਼ਰਕ ਹੈ | ਕੇਂਦਰ ਦੀਆਂ ਖ਼ਰੀਦ ਏਜੰਸੀਆਂ ਤੋਂ ਬਿਨਾਂ ਪੰਜਾਬ ਦੀਆਂ ਅਨੇਕਾਂ ਖ਼ਰੀਦ ਏਜੰਸੀਆਂ ਨੂੰ ਦਾਣਾ ਮੰਡੀਆਂ ਅਲਾਟ ਹਨ, ਪਰ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਨੇ ਵੀ ਕਣਕ ਦਾ ਇਕ ਦਾਣਾ ਨਹੀਂ ਖ਼ਰੀਦਿਆ ਹੈ |