ਧਨੌਲਾ, 15 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਨੇੜਲੇ ਪਿੰਡ ਕੱਟੂ ਦੇ ਵਸਨੀਕ ਬਲਵੀਰ ਸਿੰਘ ਪੁੱਤਰ ਜੀਤ ਸਿੰਘ ਦੀ ਬਿਜਲੀ ਦਾ ਕਰੰਟ ਲੱਗ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ | ਇਕੱਤਰ ਜਾਣਕਾਰੀ ਅਨੁਸਾਰ ਬਲਵੀਰ ਸਿੰਘ ਬਤੌਰ ਪੁਲਿਸ ਮੁਲਾਜ਼ਮ ਡਿਪਟੀ ਕਮਿਸ਼ਨਰ ਬਰਨਾਲਾ ਦੀ ਗਾਰਦ ਵਿਚ ਨੌਕਰੀ ਕਰਦੇ ਸਨ | ਇਕ ਦਿਨ ਪਹਿਲਾਂ ਹੀ ਉਹ ਛੁੱਟੀ ਲੈ ਕੇ ਆਪਣੇ ਪਿੰਡ ਕੱਟੂ ਗਏ ਸਨ | ਉਨ੍ਹਾਂ ਨੂੰ ਪਤਾ ਲੱਗਾ ਕਿ ਸਵੇਰੇ ਢਾਈ ਵਜੇ ਤੋਂ ਪੰਜ ਵਜੇ ਤੱਕ ਬਿਜਲੀ ਸਪਲਾਈ ਖੇਤੀ ਸੈਕਟਰ ਲਈ ਮੁਹੱਈਆ ਕਰਵਾਈ ਜਾ ਰਹੀ ਹੈ | ਉਹ ਹਰੇ ਚਾਰੇ ਬਰਸੀਨ ਨੂੰ ਪਾਣੀ ਲਾਉਣ ਦੇ ਮਨਸ਼ੇ ਨਾਲ ਸਾਢੇ ਤਿੰਨ ਵਜੇ ਦੇ ਕਰੀਬ ਆਪਣੇ ਖੇਤ ਗਏ | ਉਨ੍ਹਾਂ ਨਾਲ ਉਨ੍ਹਾਂ ਦਾ ਭਰਾ ਗੁਰਮੇਲ ਸਿੰਘ ਵੀ ਸੀ | ਸੂਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਬਿਜਲੀ ਦੇ ਟਰਾਂਸਫ਼ਾਰਮਰ ਵਿਚੋਂ ਚਿੰਗਾਰੀਆਂ ਨਿਕਲ ਰਹੀਆਂ ਸਨ | ਉਨ੍ਹਾਂ ਦੇਖਿਆ ਕਿ ਹੇਠਾਂ ਕਿਤੇ ਕਣਕ ਨੂੰ ਅੱਗ ਨਾ ਲੱਗ ਜਾਵੇ | ਉਨ੍ਹਾਂ ਨੇ ਟਰਾਂਸਫ਼ਾਰਮਰ ਦੀ ਸੁੱਚ ਕੱਟਣ ਲਈ ਸੁੱਚ ਨੂੰ ਹੱਥ ਪਾ ਲਏ, ਸੁੱਚ ਵਿਚ ਅਚਾਨਕ ਕਰੰਟ ਆ ਗਿਆ ਜਿਸ ਨਾਲ ਉਨ੍ਹਾਂ ਦੇ ਦੋਵੇਂ ਹੱਥ ਸੜ ਗਏ | ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ | ਉਹ ਆਪਣੇ ਪਿੱਛੇ ਇਕ ਬੇਟਾ, ਇਕ ਬੇਟੀ ਅਤੇ ਪਤਨੀ ਛੱਡ ਗਏ ਹਨ |