ਬਰਨਾਲਾ, 15 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਦੀ ਧੀ ਜਿਨਾਲ ਮਿੱਤਲ (ਉਮਰ 14 ਸਾਲ) ਨੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਸ ਵਿਚ ਨਾਮ ਦਰਜ ਕਰਵਾਇਆ ਹੈ | ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਜਿਨਾਲ ਮਿੱਤਲ, ਮਾਪਿਆਂ ਅਤੇ ਅਧਿਆਪਕਾਂ ਨੂੰ ਉਸ ਦੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ | ਮੀਤ ਹੇਅਰ ਨੇ ਕਿਹਾ ਕਿ ਜਿਨਾਲ ਮਿੱਤਲ ਵਾਸੀ ਹੰਡਿਆਇਆ ਬਾਜ਼ਾਰ ਬਰਨਾਲਾ ਨੇ 50 ਦੋ ਅੰਕ ਵਾਲੇ ਗੁਣਾ ਦੇ ਪ੍ਰਸ਼ਨ ਸਿਰਫ਼ 1 ਮਿੰਟ 25 ਸਕਿੰਟ ਵਿਚ ਹੱਲ ਕਰ ਕੇ ਵਿਸ਼ਵ ਰਿਕਾਰਡ ਬਣਾਇਆ ਜੋ ਕਿ ਪੂਰੇ ਜ਼ਿਲ੍ਹਾ ਬਰਨਾਲਾ ਲਈ ਮਾਣ ਦੀ ਗੱਲ ਹੈ | ਉਨ੍ਹਾਂ ਜਿਨਾਲ ਨੂੰ ਰੌਸ਼ਨ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਸ ਦੇ ਪਿਤਾ ਸ੍ਰੀ ਅਭਿਨਵ ਅਤੇ ਮਾਤਾ ਸ੍ਰੀਮਤੀ ਸੋਨੀਆ ਮਿੱਤਲ ਨੂੰ ਮੁਬਾਰਕਬਾਦ ਦਿੱਤੀ | ਜਿਨਾਲ ਦੇ ਕੋਚਿੰਗ ਅਧਿਆਪਕ ਅਸ਼ੀਸ਼ ਸਿੰਗਲਾ ਨੇ ਦੱਸਿਆ ਕਿ ਜਿਨਾਲ ਉਨ੍ਹਾਂ ਕੋਲ ਐਬੇਕਸ (ਮੈਂਟਲ ਮੈਥ) ਦੀ ਕੋਚਿੰਗ ਲੈ ਰਹੀ ਹੈ | ਉਸ ਨੇ 50 ਦੋ ਅੰਕ ਵਾਲੇ ਗੁਣਾ ਦੇ ਪ੍ਰਸ਼ਨ ਸਿਰਫ਼ 1 ਮਿੰਟ 25 ਸਕਿੰਟ 50 ਦੋ ਅੰਕ ਵਾਲੇ ਗੁਣਾ ਦੇ ਪ੍ਰਸ਼ਨ ਸਿਰਫ਼ 1 ਮਿੰਟ 25 ਸਕਿੰਟ ਵਿਚ ਹੱਲ ਕਰ ਕੇ ਵਿਸ਼ਵ ਰਿਕਾਰਡ ਬਣਾਇਆ ਹੈ ਅਤੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿਚ ਨਾਮ ਦਰਜ ਕਰਵਾਇਆ ਹੈ | ਜਿਨਾਲ ਮਿੱਤਲ ਨੇ ਕਿਹਾ ਕਿ ਉਸ ਦੀ ਮਿਹਨਤ ਲਗਾਤਾਰ ਜਾਰੀ ਹੈ ਅਤੇ ਉਹ ਹੁਣ ਗਿੰਨੀਜ਼ ਵਿਸ਼ਵ ਰਿਕਾਰਡ ਲਈ ਤਿਆਰੀ ਕਰ ਰਹੀ ਹੈ |