ਮਹਿਲ ਕਲਾਂ, 15 ਅਪ੍ਰੈਲ (ਅਵਤਾਰ ਸਿੰਘ ਅਣਖੀ)-ਅਕਾਲ ਅਕੈਡਮੀ ਮਨਾਲ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਅਵਸਰ ਨੂੰ ਸਮਰਪਿਤ ਧਾਰਮਿਕ ਸਮਾਗਮ ਪਿ੍ੰਸੀਪਲ ਅਰਸ਼ਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਗੁਰਮਤਿ ਮੁਕਾਬਲਿਆਂ ਦਾ ਆਯੋਜਨ ਵੀ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ | ਇਸ ਉਪਰੰਤ ਵਿਦਿਆਰਥੀਆਂ 'ਚ ਸੁੰਦਰ ਦਸਤਾਰ ਸਜਾਉਣ ਅਤੇ ਗੁਰਮਤਿ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ | ਪਿ੍ੰਸੀਪਲ ਅਰਸ਼ਪ੍ਰੀਤ ਕੌਰ, ਪੰਜਾਬੀ ਅਧਿਆਪਕ ਸੁਖਦੀਪ ਸਿੰਘ ਨੇ ਬੱਚਿਆਂ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਸਮਾਜਿਕ ਅਲਾਮਤਾਂ ਤੋਂ ਬਚ ਕੇ ਗੁਰਸਿੱਖੀ 'ਚ ਪਰਪੱਕ ਹੋਣ ਦੀ ਅਪੀਲ ਕੀਤੀ | ਇਸ ਸਮੇਂ ਮਾ: ਹਰਪ੍ਰੀਤ ਸਿੰਘ, ਮਾ: ਜਗਸੀਰ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |