ਬਰਨਾਲਾ, 17 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਤਪਾ ਰੇਲਵੇ ਸਟੇਸ਼ਨ 'ਤੇ ਵੱਖ ਵੱਖ ਰੇਲ ਗੱਡੀਆਂ ਦਾ ਠਹਿਰਾਓ ਕਰਵਾਉਣ ਨੂੰ ਲੈ ਕੇ ਲੈ ਕੇ ਤਪਾ ਮੰਡੀ ਅਤੇ ਆਸੇ-ਪਾਸੇ ਦੇ ਪਿੰਡਾਂ ਦੀ ਚਿਰੋਕਣੀ ਮੰਗ ਨੂੰ ਮੁੱਖ ਰੱਖਦੇ ਹੋਏ ਤਪਾ ਸ਼ਹਿਰ ਦੇ 100 ਤੋ ਵੱਧ ਪਰਿਵਾਰਾਂ ਵਲੋਂ ਦਸਖ਼ਤ ਕਰਵਾ ਕੇ ਇਕ ਮੰਗ-ਪੱਤਰ ਲੈ ਕੇ ਭਾਜਪਾ ਹਲਕਾ ਭਦੌੜ ਦੇ ਇੰਚਾਰਜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦਿੱਲੀ ਵਿਖੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਯੁਵਾ ਆਗੂ ਜਗਦੀਪ ਸਿੰਘ ਨੇ ਦੱਸਿਆ ਰਾਜ ਮੰਤਰੀ ਸ: ਬਿੱਟੂ ਨੂੰ ਦੱਸਿਆ ਗਿਆ ਕਿ ਕੋਵਿਡ ਸਮੇਂ ਤੋਂ ਹੀ ਕਈ ਮਹੱਤਵਪੂਰਨ ਗੱਡੀਆਂ ਦੇ ਸਟਾਪੇਜ਼ ਤਪਾ ਰੇਲਵੇ ਸਟੇਸ਼ਨ 'ਤੇ ਬੰਦ ਕਰ ਦਿੱਤੇ ਗਏ ਸਨ | ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਰੇਲ ਗੱਡੀਆਂ ਵਿਚ ਬਾੜਮੇਰ-ਰਿਸ਼ੀਕੇਸ ਨੰਬਰ 14888, ਸ੍ਰੀ ਗੰਗਾ ਨਗਰ-ਨਾਂਦੇੜ ਸਾਹਿਬ ਨੰਬਰ 12485 ਅਤੇ ਸ੍ਰੀ ਗੰਗਾ ਨਗਰ-ਜੰਮੂ ਤਵੀ ਨੰਬਰ 14711 ਪ੍ਰਮੁੱਖ ਹਨ | ਕੈਪਟਨ ਸਿੱਧੂ ਨੇ ਕਿਹਾ ਕਿ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਹੈ ਕਿ ਨਵੰਬਰ ਮਹੀਨੇ ਵਿਚ ਗੱਡੀਆਂ ਦਾ ਠਹਿਰਾਓ ਤਪਾ ਰੇਲਵੇ ਸਟੇਸ਼ਨ 'ਤੇ ਯਕੀਨੀ ਬਣਾਇਆ ਜਾਵੇਗਾ |