ਤਪਾ ਮੰਡੀ, 18 ਅਪ੍ਰੈਲ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਿਵਲ ਸਰਜਨ ਡਾ: ਹਰੀਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ: ਮੋਨਿਕਾ ਬਾਂਸਲ ਦੀ ਅਗਵਾਈ ਹੇਠ ਸਿਹਤ ਬਲਾਕ ਤਪਾ ਅਧੀਨ ਰਾਸ਼ਟਰੀ ਤਪਦਿਕ ਖ਼ਾਤਮਾ 100 ਦਿਨ ਦੀ ਮੁਹਿੰਮ ਤਹਿਤ ਸਿਹਤ ਬਲਾਕ ਤਪਾ ਅਧੀਨ ਵੱਖ-ਵੱਖ ਪਿੰਡਾਂ ਵਿਚ ਟੀ.ਬੀ. ਦੀ ਮੁਫ਼ਤ ਸਕ੍ਰੀਨਿੰਗ ਕੀਤੀ ਜਾ ਰਹੀ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਤਪਾ ਦੀ ਟੀਮ ਵਲੋਂ ਵੱਖ-ਵੱਖ ਪਿੰਡਾਂ ਵਿਚ ਜਾ ਕੇ ਮੁਫ਼ਤ ਛਾਤੀ ਦੇ ਐਕਸ-ਰੇਅ ਕੀਤੇ ਜਾ ਰਹੇ ਹਨ | ਇਸ ਤੋਂ ਇਲਾਵਾ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਬਲਗ਼ਮ ਦੀ ਜਾਂਚ ਵੀ ਕੀਤੀ ਜਾ ਰਹੀ ਹੈ | ਡਾ: ਬਾਜਵਾ ਨੇ ਕਿਹਾ ਕਿ ਭਾਵੇਂ ਟੀ.ਬੀ ਇਕ ਲਾਗ (ਛੂਤ) ਦੀ ਬਿਮਾਰੀ ਹੈ, ਪਰ ਜੇਕਰ ਸਮੇਂ ਸਿਰ ਇਸ ਦਾ ਪਤਾ ਲੱਗ ਜਾਵੇ ਅਤੇ ਪੂਰਾ ਇਲਾਜ ਕਰਵਾਇਆ ਜਾਵੇ ਤਾਂ ਇਹ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਵਿਚ ਇਹ ਵੱਡਾ ਤੇ ਆਮ ਭੁਲੇਖਾ ਹੈ ਕਿ ਟੀਬੀ ਮੌਤ ਦਾ ਕਾਰਨ ਬਣਦੀ ਹੈ, ਪਰ ਅਸਲ ਵਿਚ ਅਜਿਹਾ ਨਹੀਂ ਹੈ | ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਬਿਮਾਰੀ ਅੱਗੇ ਫੈਲਣ ਤੋਂ ਰੁਕ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਟੀ.ਬੀ. ਦੇ ਹਰੇਕ ਮਰੀਜ਼ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ | ਇਸ ਮੌਕੇ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਨੇ ਦੱਸਿਆ ਕਿ ਅੱਜ ਟੀਮ ਵਲੋਂ ਮੌੜ ਨਾਭੇ ਕੈਂਪ ਲਗਾਇਆ ਗਿਆ ਸੀ | ਉਨ੍ਹਾਂ ਦੱਸਿਆ ਕਿ 21 ਤੇ 23 ਅਪ੍ਰੈਲ ਨੂੰ ਪਿੰਡ ਉਗੋਕੇ, 25 ਤੇ 28 ਅਪ੍ਰੈਲ ਨੂੰ ਟੱਲੇਵਾਲ, 30 ਅਪ੍ਰੈਲ ਤੇ 2 ਮਈ ਨੂੰ ਪਿੰਡ ਤਾਜੋਕੇ, 5 ਤੇ 7 ਮਈ ਨੂੰ ਪਿੰਡ ਭੋਤਨਾ, 9 ਤੇ 12 ਮਈ ਨੂੰ ਪਿੰਡ ਢਿੱਲਵਾਂ 14 ਤੇ 16 ਮਈ ਨੂੰ ਪਿੰਡ ਜੋਧਪੁਰ, 19 ਤੇ 21 ਮਈ ਨੂੰ ਤਪਾ ਅਤੇ 23 ਤੇ 26 ਮਈ ਨੂੰ ਪੱਤੀ ਦੀਪ ਸਿੰਘ ਭਦੌੜ ਵਿਖੇ ਟੀ.ਬੀ. ਦੀ ਜਾਂਚ ਲਈ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ | ਇਸ ਮੌਕੇ ਐੱਸ.ਟੀ.ਐੱਸ. ਪ੍ਰਦੀਪ ਕੁਮਾਰ, ਰੇਡੀਓਗ੍ਰਾਫਰ ਸੁਖਪ੍ਰੀਤ ਸਿੰਘ. ਐੱਸ.ਆਈ ਜਗਦੇਵ ਸਿੰਘ, ਐਲ.ਐਚ.ਵੀ. ਬੇਅੰਤ ਕੌਰ, ਏ.ਐਨ.ਐਮ. ਸੁਖਵੀਰ ਕੌਰ, ਮਨਦੀਪ ਕੌਰ ਆਦਿ ਹਾਜ਼ਰ ਸਨ |