ਬਰਨਾਲਾ, 20 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਤਹਿਸੀਲ ਕੰਪਲੈਕਸ ਵਿਚ ਫੈਲੇ ਕਥਿਤ ਭਿ੍ਸ਼ਟਾਚਾਰ ਅਤੇ ਪ੍ਰਬੰਧਕੀ ਅਰਾਜਕਤਾ ਨੂੰ ਲੈ ਕੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਆਫ਼ ਇੰਡੀਆ ਦੇ ਸਾਬਕਾ ਸੂਬਾ ਪ੍ਰਧਾਨ ਨਿਸ਼ੀਕਾਂਤ ਸਿੰਗਲਾ ਨੇ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਕਿਹਾ ਕਿ ਤਹਿਸੀਲ ਵਿਚ ਕੰਮ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਨਿਯਮਾਂ ਦੇ ਉਲਟ ਚੱਲ ਰਿਹਾ ਹੈ | ਸਬ-ਰਜਿਸਟਰਾਰ ਦੇ ਅਹਿਮ ਕੰਮ ਕਲਰਕਾਂ ਵਲੋਂ ਨਿਪਟਾਏ ਜਾ ਰਹੇ ਹਨ ਅਤੇ ਕਲਰਕਾਂ ਦੀ ਜ਼ਿੰਮੇਵਾਰੀ ਵਾਲੇ ਕੰਮ ਸੇਵਾਦਾਰਾਂ (ਪੀਅਨ) ਹਵਾਲੇ ਕੀਤੇ ਗਏ ਹਨ | ਜਦੋਂਕਿ ਪੰਜਾਬ ਸਰਕਾਰ ਵਲੋਂ ਜੁਲਾਈ 2025 ਵਿਚ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ ਕੇ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ, ਸਬ-ਰਜਿਸਟਰਾਰ/ ਜੁਆਇੰਟ ਸਬ-ਰਜਿਸਟਰਾਰ ਨੂੰ ਸਹਿਯੋਗ ਕਰਨ ਵਾਲੇ ਕਲਰਕਾਂ ਦੇ ਕੰਮ ਦਾ ਜ਼ਿਕਰ ਕੀਤਾ ਗਿਆ ਸੀ | ਪਰ ਬਰਨਾਲਾ ਤਹਿਸੀਲ ਵਿਚ ਇਕ ਸੇਵਾਦਾਰ ਜਿਸ ਦੀ ਪਿਛਲੇ ਦਿਨੀਂ ਬਦਲੀ ਵੀ ਹੋਰ ਥਾਂ ਕਰ ਦਿੱਤੀ ਗਈ ਸੀ ਉਹ ਸਬ-ਰਜਿਸਟਰਾਰ ਦੀਆਂ ਅੱਖਾਂ ਦੇ ਸਾਹਮਣੇ ਕਲਰਕਾਂ ਵਾਲੇ ਕੰਮ ਕਰ ਰਿਹਾ ਹੈ | ਸ੍ਰੀ ਸਿੰਗਲਾ ਨੇ ਦੱਸਿਆ ਕਿ ਬਿਨਾਂ ਕਿਸੇ ਡਰ-ਭੈਅ ਦੇ ਐਨ.ਓ.ਸੀ. ਤੋਂ ਬਗੈਰ ਗੈਰ-ਕਾਨੂੰਨੀ ਰੂਪ ਵਿਚ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਸਿੱਧੇ ਤੌਰ 'ਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲੱਗ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਮਾਮਲਾ ਲਿਆਂਦਾ ਗਿਆ ਅਤੇ ਲਿਖਤੀ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਅਧਿਕਾਰੀਆਂ ਵਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਦੋਸ਼ ਲਾਇਆ ਕਿ ਅਧਿਕਾਰੀਆਂ ਦੀ ਇਹ ਚੁੱਪ ਭਿ੍ਸ਼ਟਾਚਾਰ ਨੂੰ ਸਿੱਧੀ ਸ਼ਹਿ ਦੇ ਰਹੀ ਹੈ | ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਬਰਨਾਲਾ ਤਹਿਸੀਲ ਵਿਚ ਸ਼ਰੇਆਮ ਚੱਲ ਰਹੇ ਭਿ੍ਸ਼ਟਾਚਾਰ ਅਤੇ ਬਿਨਾਂ ਐਨ.ਓ.ਸੀ. ਤੋਂ ਹੋ ਰਹੀਆਂ ਰਜਿਸਟਰੀਆਂ ਦੀ ਜਾਂਚ ਕਰਵਾਈ ਜਾਵੇ ਅਤੇ ਭਿ੍ਸ਼ਟਾਚਾਰ ਵਿਚ ਲਿਪਤ ਅਧਿਕਾਰੀਆਂ ਉਪਰ ਕਾਰਵਾਈ ਕੀਤੀ ਜਾਵੇ | ਬਰਨਾਲਾ ਤਹਿਸੀਲ ਵਿਚ ਬਗੈਰ ਐਨ.ਓ.ਸੀ. ਤੋਂ ਹੋ ਰਹੀਆਂ ਰਜਿਸਟਰੀਆਂ ਅਤੇ ਭਿ੍ਸ਼ਟਾਚਾਰ ਦੇ ਲੱਗੇ ਦੋਸ਼ਾਂ ਸਬੰਧੀ ਜਦੋਂ ਸਬ-ਰਜਿਸਟਰਾਰ ਬਰਨਾਲਾ ਕੁਲਦੀਪ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ |